ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਕੀਤਾ ਬੁੱਕ

ਚੰਡੀਗੜ੍ਹ : ਪੰਜਾਬ ਸਰਕਾਰ ਨੇ 20 ਤੇ 21 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਸਬੰਧੀ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਪੀਕਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ 21 ਜੂਨ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕੀਤੇ ਗਏ ਵਿਸ਼ੇਸ਼ ਸੈਸ਼ਨ ਦੀ ਲਗਾਤਾਰਤਾ ਵਿੱਚ ਇਹ ਇਜਲਾਸ ਬੁਲਾਇਆ ਜਾ ਰਿਹਾ ਹੈ। ਲਿਹਾਜ਼ਾ ਇਸ ਸੈਸ਼ਨ ਨੂੰ ਬੁਲਾਉਣ ਲਈ ਰਾਜਪਾਲ ਤੋਂ ਪ੍ਰਵਾਨਗੀ ਨਹੀਂ ਲਈ ਗਈ।

ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸਵਾਈਐੱਲ ਸਣੇ ਵੱਖ ਵੱਖ ਮੁੱਦਿਆਂ ’ਤੇ ਬਹਿਸ ਲਈ ਵਿਰੋਧੀ ਧਿਰਾਂ ਨੂੰ ਵੰਗਾਰਿਆ ਸੀ। ਇਸ ਲਈ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਵੀ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਸੂਬੇ ਦੇ ਹੋਰਨਾਂ ਭਖਦੇ ਮਸਲਿਆਂ ’ਤੇ ਬਹਿਸ ਹੋਣ ਦੇ ਆਸਾਰ ਬਣ ਗਏ ਹਨ।

‘ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਕੀਤਾ ਬੁੱਕ

ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਦਰਮਿਆਨ ਐੱਸਵਾਈਐੱਲ ਸਮੇਤ ਵੱਖ ਵੱਖ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਹੋਵੇਗੀ। ਪੰਜਾਬ ਸਰਕਾਰ ਨੇ ਅੱਜ ਟੈਗੋਰ ਥੀਏਟਰ ਨੂੰ ਪਹਿਲੀ ਨਵੰਬਰ ਲਈ ਬੁੱਕ ਕਰਵਾ ਲਿਆ ਹੈ ਅਤੇ ਰਸਮੀ ਪੱਤਰ ਭਲਕੇ ਭੇਜਿਆ ਜਾਣਾ ਹੈ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਟੈਗੋਰ ਥੀਏਟਰ ਦੀ ਬੁਕਿੰਗ ਕਰਾਈ ਗਈ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਐਤਵਾਰ ਵਾਲੇ ਦਿਨ ਵਿਰੋਧੀ ਧਿਰਾਂ ਨੂੰ ਐੱਸਵਾਈਐੱਲ ਸਮੇਤ ਵੱਖ ਵੱਖ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ ਅਤੇ ਕਈ ਵਿਰੋੋਧੀ ਧਿਰਾਂ ਨੇ ਇਹ ਚੁਣੌਤੀ ਕਬੂਲ ਕਰ ਲਈ ਸੀ। ਬੇਸ਼ੱਕ ਪੰਜਾਬ ਸਰਕਾਰ ਨੇ ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਦੀ ਚੋਣ ਕਰ ਲਈ ਗਈ ਹੈ ਪ੍ਰੰਤੂ ਦੇਖਣਾ ਹੋਵੇਗਾ ਕਿ ਕੀ ਵਿਰੋੋਧੀ ਧਿਰਾਂ ਖੁੱਲ੍ਹੀ ਬਹਿਸ ਦੇ ਸਥਾਨ ਵਜੋਂ ਟੈਗੋਰ ਥੀਏਟਰ ਲਈ ਹਾਮੀ ਭਰਨਗੀਆਂ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਸੀ ਕਿ ਖੁੱਲ੍ਹੀ ਬਹਿਸ ਪੰਜਾਬ ਵਿਧਾਨ ਸਭਾ ਤੋਂ ਬਾਹਰ ਕਿਸੇ ਸਾਂਝੀ ਥਾਂ ’ਤੇ ਹੋਵੇ ਅਤੇ ਇਸ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਕਰਨ। ਖੁੱਲ੍ਹੀ ਬਹਿਸ ਦੀ ਅਗਵਾਈ ਕੌਣ ਕਰੇਗੀ ਅਤੇ ਕੀ ਇਹ ਅਗਵਾਈ ਵਿਰੋਧੀ ਧਿਰਾਂ ਦੀ ਸਹਿਮਤੀ ਨਾਲ ਹੋਵੇਗੀ। ਇਹ ਸੁਆਲ ਹਾਲੇ ਉੱਠਣੇ ਹਨ। ਟੈਗੋਰ ਥੀਏਟਰ ਵਿਚ ਦਰਸ਼ਕਾਂ ਨੂੰ ਕੀ ਖੁੱਲ੍ਹਾ ਸੱਦਾ ਹੋਵੇਗਾ ਤਾਂ ਹਰ ਸਿਆਸੀ ਪਾਰਟੀ ਨੂੰ ਅਨੁਪਾਤ ਦੇ ਲਿਹਾਜ਼ ਨਾਲ ਦਰਸ਼ਕਾਂ ਦਾ ਕੋਟਾ ਦਿੱਤਾ ਜਾਵੇਗਾ।

Spread the love