ਬਹਿਬਲ ਗੋਲੀ ਕਾਂਡ ਦੇ ਮੁੱਖ ਸ਼ਿਕਾਇਤਕਰਤਾ ਸੁਖਰਾਜ ਸਿੰਘ ਨਿਆਮੀਵਾਲਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਲਿਖਤੀ ਸ਼ਿਕਾਇਤ ਕਰਕੇ ਇਲਜ਼ਾਮ ਲਾਏ ਹਨ ਕਿ ਜਾਂਚ ਟੀਮ ਦੇ ਸਾਬਕਾ ਅਧਿਕਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਜਿਸ਼ ਤਹਿਤ ਜਾਂਚ ਦੀ ਸੂਚਨਾ ਲੀਕ ਕਰਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਇਸ ਸ਼ਿਕਾਇਤਕਰਤਾ ਨੇ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਵੀ ਸਾਬਕਾ ਜਾਂਚ ਅਧਿਕਾਰੀ ਉੱਪਰ ਗੰਭੀਰ ਇਲਜ਼ਾਮ ਲਾਏ ਸਨ। ਸੁਖਰਾਜ ਸਿੰਘ ਨੇ ਨਿਆਮੀਵਾਲਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬਹਬਿਲ ਗੋਲੀ ਕਾਂਡ ਦੀ ਪੜਤਾਲ ਦੌਰਾਨ ਕੁਝ ਗਵਾਹਾਂ ਨੂੰ ਜਾਣਬੁੱਝ ਕੇ ਮੁਲਜ਼ਮ ਬਣਾ ਲਿਆ ਅਤੇ ਇਸ ਕਾਂਡ ਦੇ ਇੱਕ ਮੁੱਖ ਮੁਲਜ਼ਮ ਨੂੰ ਵਾਅਦਾ ਮੁਆਫ਼ ਗਵਾਹ ਬਣਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਸਾਬਕਾ ਜਾਂਚ ਅਧਿਕਾਰੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਤੇ ਉਹ ਆਪਣੀ ਕੋਈ ਪ੍ਰਤਿਕਿਰਿਆ ਨਹੀਂ ਦੇਣਾ ਚਾਹੁੰਦੇ ਅਤੇ ਉਹ ਆਪਣਾ ਪੱਖ ਪਹਿਲਾਂ ਹੀ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਲਾਲਚ ਵਿੱਚ ਆ ਕੇ ਆਪਣੇ ਕਿਰਦਾਰ ਅਤੇ ਇਮਾਨ ਨਿਲਾਮ ਕਰ ਚੁੱਕੇ ਹਨ। ਮੁੱਦਈ ਧਿਰ ਅਤੇ ਸਾਬਕਾ ਜਾਂਚ ਅਧਿਕਾਰੀ ਦਰਮਿਆਨ ਪੈਦਾ ਹੋਏ ਇਸ ਵਿਵਾਦ ਨੇ ਬਹਬਿਲ ਗੋਲੀ ਕਾਂਡ ਵਿੱਚ ਨਾਮਜ਼ਦ ਰਸੂਖ ਵਾਲੇ ਮੁਲਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ।

Spread the love