ਰੱਖਿਆ ਮੰਤਰੀ ਨੇ ਜਵਾਨਾਂ ਨਾਲ ਦਸਹਿਰਾ ਮਨਾਇਆ; ਤਵਾਂਗ ’ਚ ਸ਼ਸਤਰ ਪੂਜਾ ਕੀਤੀ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਸ਼ਸਤਰ ਪੂਜਾ ਕੀਤੀ ਅਤੇ ਚੀਨ ਨਾਲ ਲੱਗਦੇ ਮੂਹਰਲੇ ਅਹਿਮ ਰਣਨੀਤਕ ਇਲਾਕੇ ’ਚ ਜਵਾਨਾਂ ਨਾਲ ਦਸਹਿਰਾ ਮਨਾਇਆ। ਇਸ ਮੌਕੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਉਨ੍ਹਾਂ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਫੌਜੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਅਡੋਲ ਪ੍ਰਤੀਬੱਧਤਾ ਅਤੇ ਬੇਮਿਸਾਲ ਹੌਸਲੇ ਨਾਲ ਸਰਹੱਦ ਦੀ ਰੱਖਿਆ ਕਰਨ ਲਈ ਜਵਾਨਾਂ ਦੀ ਸ਼ਲਾਘਾ ਕੀਤੀ।

ਬੁਮ-ਲਾ ਅਤੇ ਕਈ ਹੋਰ ਮੂਹਰਲੀਆਂ ਚੌਕੀਆਂ ਦਾ ਦੌਰਾ ਕਰਨ ਮਗਰੋਂ ਜਵਾਨਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਦੇ ਮੱਦੇਨਜ਼ਰ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਰਾਜਨਾਥ ਸਿੰਘ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਰਣਨੀਤਕ ਤੌਰ ’ਤੇ ਅਹਿਮ ਸਥਾਨ ’ਤੇ ਫ਼ੌਜੀਆਂ ਨਾਲ ਅਜਿਹੇ ਸਮੇਂ ਦਸਹਿਰਾ ਮਨਾਇਆ ਜਦੋਂ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ। ਫੌਜੀ ਕੈਂਪ ’ਚ ਸ਼ਸਤਰ ਪੂਜਾ ਮਗਰੋਂ ਸਿੰਘ ਨੇ ਕਿਹਾ ਕਿ ਦਸਹਿਰਾ ‘ਬਦੀ ’ਤੇ ਨੇਕੀ ਦੀ ਜਿੱਤ’ ਦਾ ਪ੍ਰਤੀਕ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤਵਾਂਗ ਜੰਗੀ ਯਾਦਗਾਰ ’ਤੇ ਵੀ ਗਏ ਅਤੇ ਚੀਨ ਨਾਲ 1962 ਦੀ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਔਖੇ ਹਾਲਾਤ ’ਚ ਜਿਵੇਂ ਸਰਹੱਦ ਦੀ ਰੱਖਿਆ ਕਰ ਰਹੇ ਹੋ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਮੈਂ, ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਲੋਕਾਂ ਨੂੰ ਤੁਹਾਡੇ ’ਤੇ ਮਾਣ ਹੈ।’’

Spread the love