ਰਾਜ ਕੁਮਾਰ ਅਬੋਹਰ ਤੇ ਮਨਦੀਪ ਫਾਜ਼ਿਲਕਾ ਪਿਛਲੇ 11 ਦਿਨਾਂ ਤੋਂ ਟੈਂਕੀ ਉਪਰ ਡਟੇ ਹੋਏ ਹਨ

ਸੰਗਰੂਰ : ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਨ੍ਹਾਂ ਦਾ ਰੁਜ਼ਗਾਰ ਦੇਣ ਲਈ ਹਰਾ ਪੈਨ ਕਦੋਂ ਚੱਲੇਗਾ। ਐਤਵਾਰ ਨੂੰ ਨੂੰ ਬੇਰੁਜ਼ਗਾਰ ਅਧਿਆਪਕਾਂ ਨੇ ਹਰੇ ਪੈਨ ਲੈ ਕੇ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਵੱਲ ਧਾਵਾ ਬੋਲ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਪੁਲਿਸ ਨਾਲ ਵੀ ਟਕਰਾਅ ਹੋਇਆ। ਅਧਿਆਪਕਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਹਰਾ ਪੈਨ ਚੱਲੇਗਾ ਪਰ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਦੋ ਸਾਲ ਤੋਂ ਉਡੀਕ ਰਹੇ ਹਨ।

ਦਰਅਸਲ ਮੁੱਖ ਮੰਤਰੀ ਦੀ ਕੋਠੀ ਅੱਗੇ ਐਤਵਾਰ ਨੂੰ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕਾਂ ਨੇ ਹਰੇ ਪੈਨ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਤੇ ਅਧਿਆਪਕਾਂ ਦਰਮਿਆਨ ਖਿੱਚ-ਧੂਹ ਹੋਈ ਜਿਸ ਦੌਰਾਨ ਇੱਕ ਬੇਰੁਜ਼ਗਾਰ ਅਧਿਆਪਕ ਦੀ ਪੱਗ ਵੀ ਲੱਥ ਗਈ। ਉਧਰ ਸਥਾਨਕ ਸਿਵਲ ਹਸਪਤਾਲ ਵਿਚ ਦੋ ਬੇਰੁਜ਼ਗਾਰ ਅਧਿਆਪਕ ਰਾਜ ਕੁਮਾਰ ਅਬੋਹਰ ਤੇ ਮਨਦੀਪ ਫਾਜ਼ਿਲਕਾ ਪਿਛਲੇ 11 ਦਿਨਾਂ ਤੋਂ ਟੈਂਕੀ ਉਪਰ ਡਟੇ ਹੋਏ ਹਨ।

ਰੋਸ ਪ੍ਰਦਰਸ਼ਨ ਦੌਰਾਨ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਕਰ ਰਹੇ ਸਨ ਜਦੋਂਕਿ ਪ੍ਰਸ਼ਾਸਨ ਵਲੋਂ ਸ਼ਰਤ ਰੱਖੀ ਗਈ ਸੀ ਕਿ ਪਹਿਲਾਂ ਟੈਂਕੀ ਉਪਰ ਚੜ੍ਹੇ ਦੋਵੇਂ ਅਧਿਆਪਕਾਂ ਨੂੰ ਹੇਠਾਂ ਉਤਾਰਿਆ ਜਾਵੇ। ਦੋਵੇਂ ਅਧਿਆਪਕਾਂ ਨੇ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਬਗੈਰ ਕੋਈ ਮੀਟਿੰਗ ਤੈਅ ਹੋਣ ਤੋਂ ਧਰਨਾ ਸਮਾਪਤ ਕਰਦਿਆਂ ਲੁਧਿਆਣਾ ਵਿਚ ਪਹਿਲੀ ਨਵੰਬਰ ਨੂੰ ਬਹਿਸ ਸਮਾਗਮ ਦੌਰਾਨ ਮੁੱਖ ਮੰਤਰੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

ਹਾਸਲ ਜਾਣਕਾਰੀ ਮੁਤਾਬਕ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 5995 ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕ ਸਿਵਲ ਹਸਪਤਾਲ ਵਿਚ ਟੈਂਕੀ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਨੇੜੇ ਪੁੱਜੇ ਜਿਨ੍ਹਾਂ ਨੇ ਹੱਥਾਂ ਵਿਚ ਹਰੇ ਪੈਨ ਚੁੱਕੇ ਹੋਏ ਸਨ। ਉਨ੍ਹਾਂ ਨੇ ਜਿਉਂ ਹੀ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਖਿੱਚ-ਧੂਹ ਹੋਈ।

ਇਸ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਧਰਨਾ ਲਗਾ ਦਿੱਤਾ। ਯੂਨੀਅਨ ਆਗੂ ਸੁਰਿੰਦਰਪਾਲ ਗੁਰਦਾਸਪੁਰ, ਗੁਰਪ੍ਰੀਤ ਗੋਪੀ ਤੇ ਬਲਵਿੰਦਰ ਕਾਕਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਹਰਾ ਪੈਨ ਚੱਲੇਗਾ ਪਰ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਦੋ ਸਾਲ ਤੋਂ ਉਡੀਕ ਰਹੇ ਹਨ।

Spread the love