ਹਰਿਆਣਾ, ਯੂਪੀ ਅਤੇ ਰਾਜਸਥਾਨ ਦੀਆਂ ਬੀ-3, ਬੀ-4 ਡੀਜ਼ਲ ਬੱਸਾਂ ‘ਤੇ ਪਾਬੰਦੀ ਲਗਾਉਣ ਦੀ ਮੰਗ

ਚੰਡੀਗੜ੍ਹ : ਏਅਰ ਕੁਆਲਿਟੀ ਮੈਨੇਜਮੈਂਟ ਲਈ ਕੇਂਦਰ ਦੇ ਕਮਿਸ਼ਨ (CAQM) ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਦੇ ਅਨੁਸਾਰ 1 ਨਵੰਬਰ ਤੋਂ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸ਼ਹਿਰਾਂ ਅਤੇ ਕਸਬਿਆਂ ਵਿਚਕਾਰ ਸਿਰਫ ਇਲੈਕਟ੍ਰਿਕ, CNG ਅਤੇ BS6-ਅਨੁਸਾਰ ਵਾਹਨਾਂ ਦੀ ਆਗਿਆ ਹੋਵੇਗੀ। ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ, ਕੇਂਦਰ ਨੇ ਅਪ੍ਰੈਲ 2020 ਵਿੱਚ ਘੋਸ਼ਣਾ ਕੀਤੀ ਸੀ ਕਿ ਭਾਰਤ ਵਿੱਚ ਵੇਚੇ ਜਾਣ ਵਾਲੇ ਸਾਰੇ ਵਾਹਨਾਂ ਨੂੰ ਭਾਰਤ ਪੜਾਅ-6 (BS6) ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕੇਂਦਰ ਤੋਂ ਮੰਗ ਕੀਤੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪੈਂਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਖੇਤਰਾਂ ਵਿੱਚ ਘਟੀਆ ਗੁਣਵੱਤਾ ਵਾਲੇ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ‘ਤੇ ਪਾਬੰਦੀ ਲਗਾਈ ਜਾਵੇ। ਰਾਏ ਨੇ ਕਸ਼ਮੀਰੀ ਗੇਟ ਅੰਤਰਰਾਜੀ ਬੱਸ ਟਰਮੀਨਲ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘ਵਾਹਨ ਦਾ ਨਿਕਾਸ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ। ਦਿੱਲੀ ਵਿੱਚ ਚੱਲਣ ਵਾਲੀਆਂ ਬੱਸਾਂ ਸਿਰਫ਼ ਸੀਐਨਜੀ ਅਤੇ ਬਿਜਲੀ ਨਾਲ ਚੱਲਦੀਆਂ ਹਨ ਜਦੋਂਕਿ ਗੁਆਂਢੀ ਰਾਜਾਂ – ਹਰਿਆਣਾ, ਯੂਪੀ ਦੀਆਂ ਬੱਸਾਂ ਬੀਐਸ3 ਅਤੇ ਬੀਐਸ4 ਵਾਹਨ ਹਨ।

ਮਾਹੌਲ ਦਮ ਘੁੱਟਣ ਵਾਲਾ ਹੁੰਦਾ ਜਾ ਰਿਹਾ

ਪੰਜਾਬ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਦਿੱਲੀ ਵਿੱਚ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਦਿੱਲੀ ਦਾ ਮਾਹੌਲ ਖਰਾਬ ਦੀ ਸ਼੍ਰੇਣੀ ‘ਚ ਆਇਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਦਮ ਘੁੱਟਣ ਵਾਲੇ ਮਾਹੌਲ ਤੋਂ ਬਚਣ ਲਈ ਵੱਡੇ ਯਤਨ ਕਰਨੇ ਪੈਣਗੇ। ਦਿੱਲੀ ਵਿੱਚ ਕਈ ਕਾਰਕੁਨਾਂ ਨੇ ਹਾਲ ਹੀ ਵਿੱਚ ਲਾਲ ਬੱਤੀ ’ਤੇ ਖੜ੍ਹੇ ਹੋ ਕੇ ਲੋਕਾਂ ਨੂੰ ਆਪਣੇ ਵਾਹਨ ਬੰਦ ਰੱਖਣ ਦੀ ਅਪੀਲ ਕੀਤੀ ਸੀ।

Spread the love