ਚੰਡੀਗੜ੍ਹ : ਅੱਜ ਪੰਜਾਬੀ ਸੂਬਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਵੱਡੀ ਪੱਧਰ ‘ਤੇ ਚੱਲ ਰਹੀ ਉਥਲ-ਪੱਥਲ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਚੱਲ ਰਹੀਆਂ ਵੱਖਵਾਦੀ ਤਹਿਰੀਰਾਂ ਨੂੰ ਕੇਂਦਰ ਸਰਕਾਰ ਜਬਰੀ ਦਬਾਅ ਕੇ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਯਤਨ ਕਰਦੀ ਨਜਰ ਆਉਂਦੀ ਹੈ।ਪਰ ਸੰਘੀ ਢਾਂਚਾ ਅਪਣਾਏ ਬਿਨ੍ਹਾ ਅਖੰਡਤਾ ਬਰਕਰਾਰ ਰੱਖਣੀ ਔਖੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਕੇਵਲ ਅਨੇਕਤਾ ਵਿਚ ਏਕਤਾ ਅਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦਾ ਹੈ।

ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਜਿਸ ਤਰ੍ਹਾਂ ਦੇਸ਼ ਦੇ ਵੱਖ- ਵੱਖ ਖਿੱਤਿਆਂ, ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ। ਖੇਤਰੀ ਸੱਭਿਆਚਾਰਾਂ ‘ਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਹੋ ਰਹੇ ਹਨ ਅਤੇ ਹਿੰਦੂ ਰਾਸ਼ਟਰ ਬਣਾਉਣ ਵਰਗੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਕੁਝ ਇਸ ਦੇਸ਼ ਦੀ ਅਖੰਡਤਾ ਲਈ ਖ਼ਤਰੇ ਪੈਦਾ ਕਰ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਾਰੀ ਕੀਤੇ ਲਿਖਤੀ ਬਿਆਨ ਵਿਚ ਆਖਿਆ ਹੈ ਕਿ 1947 ਦੀ ਵੰਡ ਵੇਲੇ ਭਾਰਤ ਦੀ ਹੋਂਦ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਬੋਲੀਆਂ ਅਤੇ ਖੇਤਰੀ ਵੰਨ-ਸੁਵੰਨਤਾ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਬਰਕਰਾਰ ਰੱਖਣ ਲਈ ਬਣੀ ਸੀ।ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਧਰਮ ਨਿਰਪੇਖ ਸ਼ਾਖ ਨੂੰ ਇਕ ਧਰਮ, ਇਕ ਬੋਲੀ ਵਾਲੇ ਰਾਸ਼ਟਰ ਵਿਚ ਬਦਲਣ ਦੀਆਂ ਗਤੀਵਿਧੀਆਂ ਤੇਜ ਹੋਈਆਂ ਹਨ। ਇਨ੍ਹਾਂ ਨੇ ਭਾਰਤ ਵਿਚ ਰਹਿ ਰਹੀਆਂ ਘੱਟ-ਗਿਣਤੀ ਕੌਮਾਂ ਅੰਦਰ ਬੇਵਿਸ਼ਵਾਸੀ ਅਤੇ ਖ਼ਤਰੇ ਦੀ ਭਾਵਨਾ ਪ੍ਰਬਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਜਿਥੇ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਤੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਸਦੀਆਂ ਤੋਂ ਵਸਦੇ ਹੋਣ ਉਸ ਨੂੰ ਇਕ ਧਰਮ ਉੱਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਤਾਕਤਾਂ ਅਤੇ ਸਰਕਾਰਾਂ ਨੂੰ ਇਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਸੂਬੇ ‘ਤੇ ਕੌਣ ਰਾਜ ਕਰ ਰਿਹਾ ਹੈ।

ਆਮ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਨ੍ਹਾਂ ਦੀ ਆਪਣੀ ਮਾਂ-ਬੋਲੀ, ਆਪਣੀ ਖੇਤਰੀ ਰਾਜਨੀਤੀ, ਆਪਣੇ ਸੱਭਿਆਚਾਰ ਅਤੇ ਅਪਣੇ ਹੱਕਾਂ ਲਈ ਖ਼ਤਰਾ ਪੈਦਾ ਨਾ ਹੋਵੇ।ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਜਿਵੇਂ ਕਿ ਮਨੀਪੁਰ, ਨਾਗਾਲੈਂਡ, ਅਸਾਮ, ਕਸ਼ਮੀਰ ਅਤੇ ਪੰਜਾਬ ਵਿਚ ਅਲਹਿਦਗੀ ਲਈ ਯਤਨ ਰਹੀਆਂ ਲਹਿਰਾਂ ਪਿੱਛੇ ਵੀ ਇਕ ਕਾਰਨ ਇਨ੍ਹਾਂ ਸੂਬਿਆਂ ਦੀ ਖੇਤਰੀ ਹੋਂਦ, ਬੋਲੀ, ਸੱਭਿਆਚਾਰ,ਖੇਤਰ ਦੇ ਕੁਦਰਤੀ ਸਰੋਤ ਅਤੇ ਭੂਗੋਲਿਕ ਖਾਸੇ ਲਈ ਪੈਦਾ ਹੋ ਰਹੇ ਖ਼ਤਰੇ ਹਨ

Spread the love