ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੀ ਗਈ ਇਹ ਖੁੱਲ੍ਹੀ ਬਹਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦਾ ਸਿਆਸੀ ਮੰਚ ਤਿਆਰ ਹੈ। ਇੱਥੇ ਅੱਜ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ’ਤੇ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਸ਼ੁਰੂ ਹੋਵੇਗੀ।

ਹਾਸਲ ਜਾਣਕਾਰੀ ਮੁਤਾਬਕ ਆਡੀਟੋਰੀਅਮ ਵਿੱਚ 1000 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੈ। ਇੱਥੇ ਸੁਰੱਖਿਆ ਲਈ ਦਰਜਨਾਂ ਆਈਪੀਐਸ ਅਫ਼ਸਰ ਤੇ ਦੋ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਖੁੱਲ੍ਹੀ ਬਹਿਸ ਵਿੱਚ ਸਭ ਨੂੰ ਸੱਦਾ ਦਿੱਤਾ ਗਿਆ ਹੈ। ਇਸ ਬਹਿਸ ਵਿੱਚ ਕੋਈ ਵੀ ਪੰਜਾਬੀ ਹਿੱਸਾ ਲੈ ਸਕਦਾ ਹੈ। ਇੱਥੇ ਮੰਚ ਸੰਚਾਲਨ ਨਿਰਮਲ ਸਿੰਘ ਜੌੜਾ ਕਰਨਗੇ। ਇਸ ਦੇ ਨਾਲ ਸਿਆਸੀ ਪਾਰਟੀਆਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਵਰਗੇ 75 ਬੁੱਧੀਜੀਵੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।ਆਡੀਟੋਰੀਅਮ ਵਿਚ 1000 ਲੋਕਾਂ ਦੇ ਬੈਠਣ ਲਈ ਕੁਰਸੀਆਂ ਲੱਗੀਆਂ ਹੋਈਆਂ ਹਨ ਜਿਸ ਵਿੱਚ ਪਹਿਲਾਂ ਆਉਣ ਵਾਲੇ ਬੰਦੇ ਨੂੰ ਪਹਿਲ ਦਿੱਤੀ ਜਾਏਗੀ। ਪੀਏਯੂ ਵਿੱਚ ਹੀ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰੇਗਾ ਤੇ ਉਹ ਕਾਰ ਰਾਹੀਂ ਬਹਿਸ ਵਾਲੀ ਥਾਂ ’ਤੇ ਪੁੱਜਣਗੇ। ਪੀਏਯੂ ਅੰਦਰ ਪੰਜਾਬ ਪੁਲਿਸ ਵੱਲੋਂ ਕਈ ਥਾਵਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਯੂਨੀਵਰਸਿਟੀ ਦੇ ਹਰ ਗੇਟ ’ਤੇ ਤਾਇਨਾਤ ਰਹਿਣਗੀਆਂ ਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖੀ ਜਾਵੇਗੀ।

Spread the love