ਲੁਧਿਆਣਾ: ਸਤਲੁਜ ਦਰਿਆ ਵਿੱਚ ਨਹਾਉਣ ਗਏ ਤਿੰਨ ਬੱਚੇ ਦਰਿਆ ਵਿੱਚ ਰੁੜ੍ਹ ਗਏ। ਦੇਰ ਰਾਤ ਤੱਕ ਗੋਤਾਖੋਰਾਂ ਦੇ ਮੌਕੇ ’ਤੇ ਨਾ ਪੁੱਜਣ ਕਾਰਨ ਬਚਾਅ ਕਾਰਜ ਸ਼ੁਰੂ ਨਹੀਂ ਹੋ ਸਕੇ ਸਨ। ਦਰਿਆ ਕੰਢੇ ਬੈਠੇ ਕੇ ਕੱਪੜਿਆਂ ਦੀ ਰਾਖੀ ਕਰ ਰਹੇ ਦੋ ਸਾਥੀ ਬਚ ਗਏ। ਘਟਨਾ ਅੱਜ ਸ਼ਾਮ ਦੀ ਦੱਸੀ ਜਾ ਰਹੀ ਹੈ ਜਦਕਿ ਬੱਚੇ ਸਵੇਰੇ 11 ਵਜੇ ਦੇ ਕਰੀਬ ਘਰੋਂ ਕ੍ਰਿਕਟ ਖੇਡਣ ਲਈ ਗਏ ਸਨ। ਉਹ ਨਹਾਉਣ ਲਈ ਸਤਲੁਜ ਦਰਿਆ ਵਿੱਚ ਚਲੇ ਗਏ। ਸ਼ਾਮ 4.30 ਵਜੇ ਦੇ ਕਰੀਬ ਉਨ੍ਹਾਂ ਨਾਲ ਗਏ ਦੋ ਬੱਚਿਆਂ ਨੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਦਰਿਆ ਵਿੱਚ ਡੁੱਬਣ ਬਾਰੇ ਜਾਣਕਾਰੀ ਦਿੱਤੀ। ਇਸ ’ਤੇ ਪਰਿਵਾਰਕ ਮੈਂਬਰ ਸਤਲੁਜ ਦਰਿਆ ਕੰਢੇ ਪਹੁੰਚੇ ਅਤੇ ਇਸ ਬਾਰੇ ਪੁਲੀਸ ਨੂੰ ਸੂਚਤਿ ਕੀਤਾ। ਰੁੜ੍ਹੇ ਹੋਏ ਬੱਚਿਆਂ ਦੀ ਪਛਾਣ ਅੰਸ਼ੂ ਗੁਪਤਾ (15), ਰੋਹਤਿ ਕੁਮਾਰ (16) ਅਤੇ ਪ੍ਰਿੰਸ (15) ਵਜੋਂ ਕੀਤੀ ਗਈ ਹੈ। ਇਹ ਸਾਰੇ ਬੱਚੇ ਭੱਟੀਆਂ ਨੇੜੇ ਭਾਰਤੀ ਕਲੋਨੀ ਅਤੇ ਹਰਿਰਾਏ ਨਗਰ ਵਿੱਚ ਰਹਿੰਦੇ ਸਨ ਅਤੇ ਐਵਰਸ਼ਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਸਨ। ਰੁੜ੍ਹੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚਿਆਂ ਦੇ ਡੁੱਬਣ ਬਾਰੇ ਪਤਾ ਲੱਗਣ ’ਤੇ ਉਹ ਤੁਰੰਤ ਮੌਕੇ ’ਤੇ ਪੁੱਜ ਗਏ ਅਤੇ ਘੰਟੇ ਬਾਅਦ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਸੀ ਪਰ ਗੋਤਾਖੋਰਾਂ ਦੇ ਨਾ ਪਹੁੰਚਣ ਕਾਰਨ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਦੌਰਾਨ ਪਤਾ ਲੱਗਾ ਹੈ ਕਿ ਜਿਹੜੇ ਦੋ ਬੱਚੇ ਘਰ ਆਏ ਸਨ ਉਨ੍ਹਾਂ ਦੇ ਮਾਪਿਆਂ ਵੱਲੋਂ ਝਿੜਕੇ ਜਾਣ ’ਤੇ ਉਹ ਵੀ ਘਰੋਂ ਕਿਧਰੇ ਚਲੇ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਏਸੀਪੀ ਸੁਮਤਿ ਸੂਦ ਨੇ ਦੱਸਿਆ ਕਿ ਬੱਚਿਆਂ ਦੇ ਡੁੱਬਣ ਬਾਰੇ ਸੂਚਨਾ ਮਿਲਣ ’ਤੇ ਪੁਲੀਸ ਪਾਰਟੀਆਂ ਤੁਰੰਤ ਮੌਕੇ ’ਤੇ ਪੁੱਜ ਗਈਆਂ ਸਨ ਪਰ ਗੋਤਾਖੋਰਾਂ ਦੇ ਨਾ ਪੁੱਜਣ ਕਰ ਕੇ ਅਗਲੀ ਕਾਰਵਾਈ ਨਹੀਂ ਹੋ ਸਕੀ।

Spread the love