ਜਲੰਧਰ: ਨੈਸ਼ਨਲ ਹਾਈਵੇ ‘ਤੇ ਲੱਗੇ ਕਿਸਾਨਾਂ ਦੇ ਧਰਨੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਨੇ ਬੀਤੇ ਦਿਨ ਜੋ ਧਨੋਵਾਲ ਫਾਟਕ ਕੋਲ ਰੇਲ ਟ੍ਰੈਕ ਜਾਮ ਕਰ ਦਿੱਤਾ ਸੀ ਅੱਜ ਉਸ ਨੂੰ ਖਾਲੀ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਸੀਐਮ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਆਏ ਸੱਦੇ ਤੋਂ ਬਾਅਦ ਲਿਆ ਹੈ।

CMO ਤੋਂ ਆਏ ਬੁਲਵੇ ਵਿੱਚ ਦੱਸਿਆ ਗਿਆ ਕਿ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਬੈਠਕ ਸੱਦ ਲਈ ਹੈ। ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਹੋਵੇਗੀ। ਚਿੱਠੀ ਮਿਲਣ ਤੋਂ ਬਾਅਦ ਕਿਸਾਨਾਂ ਨੇ ਹਾਲ ਦੀ ਘੜੀ ਰੇਲ ਟ੍ਰੈਕ ਖਾਲੀ ਕਰ ਦਿੱਤਾ ਹੈ। ਹਲਾਂਕਿ ਉਹਨਾਂ ਦਾ ਧਰਨਾ ਨੈਸ਼ਨਲ ਹਾਈਵੇ ‘ਤੇ ਚੱਲਿਆ ਰਹੇਗਾ।

ਪਿਛਲੇ ਚਾਰ ਦਿਨਾਂ ਤੋਂ ਕਿਸਾਨ ਜੰਮੂ ਦਿੱਲੀ ਨੈਸ਼ਨਲ ਹਾਈਵੇ 44 ‘ਤੇ ਧਰਨਾ ਦੇ ਰਹੇ ਹਨ। ਬੀਤੇ ਦਿਨ ਕਿਸਾਨਾਂ ਰੇਲ ਦੀਆਂ ਪਟੜੀਆਂ ‘ਤੇ ਬੈਠ ਗਏ ਸਨ। ਪੂਰੀ ਰਾਤ ਰੇਲ ਟ੍ਰੈਕ ਜਾਮ ਰਿਹਾ। ਕਿਸਾਨ ਮੰਗ ਕਰ ਰਹੇ ਹਨ ਕਿ ਗੰਨੇ ਦੇ ਭਾਅ ‘ਚ ਵਾਧਾ ਕੀਤਾ ਜਾਵੇ। ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਕਿਸਾਨਾਂ ਨੂੰ ਸੜਕਾਂ ਖਾਲੀ ਕਰਨ ਦੀ ਅਪੀਲ ਕਰਦਿਆਂ ਗੱਲਬਾਤ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਮੀਟਿੰਗ ਦਾ ਸਮਾਂ ਤੈਅ ਹੋਣ ਮਗਰੋਂ ਕਿਸਾਨਾਂ ਨੇ ਜਲੰਧਰ ਤੇ ਅੰਮ੍ਰਿਤਸਰ ਵਿਚ ਰੇਲਵੇ ਟਰੈਕ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਸਿਰਫ ਸੜਕ ਰੋਕ ਕੇ ਹੀ ਮੁਜ਼ਾਹਰਾ ਕਰ ਰਹੇ ਹਨ।

ਸੀਐਮ ਮਾਨ ਦੀ ਬੇਨਤੀ

ਸੀਐਮ ਭਗਵੰਤ ਮਾਨ ਨੇ 22 ਨਵੰਬਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਲਈ ਟਵੀਟ ਕਰਕੇ ਕਿਹਾ ਸੀ ਕਿ – ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ .. ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ..ਲੋਕਾਂ ਦੀਆਂ ਭਾਵਨਾਵਾਂ ਸਮਝੋ ..

ਰੇਲਵੇ ਵਿਭਾਗ ਨੂੰ ਘਾਟਾ

ਰੇਲ ਦੀਆਂ ਪਟੜੀਆਂ ਦੇ ਬੈਠਣ ਕਾਰਨ ਰੇਲਵੇ ਵਿਭਾਗ ਨੂੰ ਵੀ ਇੱਕ ਦਿਨ ਵਿੱਚ ਕਾਫ਼ੀ ਘਾਟਾ ਪੈ ਗਿਆ ਹੈ। ਹੁਣ ਤੱਕ ਕਰੀਬ 142 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ‘ਚ 130 ਮੇਲ-ਐਕਸਪ੍ਰੈੱਸ ਟ੍ਰੇਨਾਂ ਤੇ 12 ਲੋਕਲ ਟ੍ਰੇਨਾਂ ਸ਼ਾਮਲ ਹਨ। ਕੁੱਲ 63 ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਆਉਣ ਵਾਲੀਆਂ ਕੁੱਲ 51 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਲਈ ਵੀ ਦਰਜਨਾਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਰੇਲ ਗੱਡੀਆਂ ਲੁਧਿਆਣਾ ਤੋਂ ਅੱਗੇ ਚੱਲਣਗੀਆਂ।

Spread the love