Exit Poll 2023: ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਆਏ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ’ਚ ਪੀਐਮ ਮੋਦੀ ਦਾ ਜਾਦੂ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦਾ ਮੁੜ ਉਭਾਰ ਦਿਖਾਈ ਦੇ ਰਿਹਾ ਹੈ।

ਜ਼ਿਆਦਾਤਰ ਚੋਣ ਸਰਵੇਖਣਾਂ ਵਿੱਚ ਛੱਤੀਸਗੜ੍ਹ ਤੇ ਤਿਲੰਗਾਨਾ ’ਚ ਕਾਂਗਰਸ ਦੀ ਬੜ੍ਹਤ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਵੀ ਕਾਂਗਰਸ ਤੇ ਬੀਜੇਪੀ ਵਿਚਾਲੇ ਤਿੱਖੀ ਟੱਕਰ ਨਜ਼ਰ ਆ ਰਹੀ ਹੈ। ਚੋਣ ਸਰਵੇਖਣਾਂ ਮੁਤਾਬਕ ਮਿਜ਼ੋਰਮ ’ਚ ਜ਼ੋਰਾਮ ਪੀਪਲਜ਼ ਮੂਵਮੈਂਟ ਦਾ ਮਿਜ਼ੋ ਨੈਸ਼ਨਲ ਫਰੰਟ ਨਾਲ ਫਸਵਾਂ ਮੁਕਾਬਲਾ ਹੈ ਜਦਕਿ ਕਾਂਗਰਸ ਤੇ ਭਾਜਪਾ ਦੇ ਪਿੱਛੇ ਰਹਿਣ ਦੀ ਸੰਭਾਵਨਾ ਹੈ।

3 ਦਸੰਬਰ ਨੂੰ ਆਉਣਗੇ ਨਤੀਜੇ

ਦੱਸ ਦਈਏ ਕਿ ਭਾਜਪਾ ਦੀ ਮੱਧ ਪ੍ਰਦੇਸ਼ (230) ਜਦਕਿ ਕਾਂਗਰਸ ਦੀਆਂ ਰਾਜਸਥਾਨ (200) ਤੇ ਛੱਤੀਸਗੜ੍ਹ (90) ’ਚ ਸਰਕਾਰਾਂ ਹਨ। ਤਿਲੰਗਾਨਾ ’ਚ ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਹੇਠ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਪਿਛਲੇ 10 ਸਾਲਾਂ ਤੋਂ ਸੱਤਾ ’ਚ ਹੈ ਤੇ ਮਿਜ਼ੋਰਮ ’ਚ ਐਮਐਨਐਫ ਦੀ ਸਰਕਾਰ ਹੈ। ਪੰਜ ਸੂਬਿਆਂ ’ਚ 7 ਤੋਂ 30 ਨਵੰਬਰ ਤੱਕ ਵੋਟਾਂ ਪਈਆਂ ਸਨ ਤੇ ਨਤੀਜੇ 3 ਦਸੰਬਰ ਨੂੰ ਆਉਣਗੇ। ਇਹ ਨਤੀਜੇ ਅਗਲੇ ਛੇ ਮਹੀਨਿਆਂ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੀ ਤਸਵੀਰ ਵੀ ਸਾਫ ਕਰ ਦੇਣਗੇ।

ਹਾਸਲ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ’ਚ ‘ਜਨ ਕੀ ਬਾਤ’ ਐਗਜ਼ਿਟ ਪੋਲ ’ਚ ਭਾਜਪਾ ਨੂੰ 100-123 ਸੀਟਾਂ ਦਿੱਤੀਆਂ ਗਈਆਂ ਹਨ ਜਦਕਿ ਕਾਂਗਰਸ ਨੂੰ 102-125 ਸੀਟਾਂ, ‘ਰਿਪਬਲਿਕ ਟੀਵੀ-ਮੈਟਰਿਜ਼’ ਨੇ ਭਾਜਪਾ ਨੂੰ 118-130 ਤੇ ਕਾਂਗਰਸ ਨੂੰ 97-107 ਸੀਟਾਂ ਦਿੱਤੀਆਂ ਹਨ। ‘ਟੀਵੀ9 ਭਾਰਤਵਰਸ਼’ ਨੇ ਭਾਜਪਾ ਨੂੰ 106-116 ਤੇ ਕਾਂਗਰਸ ਨੂੰ 111-121 ਸੀਟਾਂ ’ਤੇ ਅੱਗੇ ਦਿਖਾਇਆ ਹੈ। ‘ਟੁਡੇਜ਼ ਪੰਚਾਰੀ’ ਨੇ ਮੱਧ ਪ੍ਰਦੇਸ਼ ’ਚ ਭਾਜਪਾ ਦੀ ਹੂੰਝਾ ਫੇਰ ਜਿੱਤ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਭਾਜਪਾ ਨੂੰ 151 (12 ਸੀਟਾਂ ਘੱਟ ਵਧ) ਤੇ ਕਾਂਗਰਸ ਨੂੰ 74 ਸੀਟਾਂ (12 ਸੀਟਾਂ ਘੱਟ ਵਧ) ਦਿੱਤੀਆਂ ਹਨ। ‘ਜਿਸਟ-ਟੀਆਈਐਫ-ਐਨਏਆਈ’ ਨੇ ਕਿਹਾ ਕਿ ਕਾਂਗਰਸ ਨੂੰ ਮੱਧ ਪ੍ਰਦੇਸ਼ ’ਚ 2018 ਵਰਗੀ ਬੜ੍ਹਤ ਹਾਸਲ ਹੋਵੇਗੀ ਤੇ ਉਹ ਭਾਜਪਾ ਨਾਲੋਂ ਅੱਗੇ ਰਹੇਗੀ

ਰਾਜਸਥਾਨ ’ਚ ‘ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ’ ਨੇ ਫਸਵਾਂ ਮੁਕਾਬਲਾ ਦਿਖਾਇਆ ਹੈ। ਉਨ੍ਹਾਂ ਕਾਂਗਰਸ ਨੂੰ 86-106, ਭਾਜਪਾ ਨੂੰ 80-100 ਅਤੇ ਹੋਰਾਂ ਨੂੰ 9-18 ਸੀਟਾਂ ਦਿੱਤੀਆਂ ਹਨ। ‘ਜਨ ਕੀ ਬਾਤ’ ਨੇ ਭਾਜਪਾ ਨੂੰ 100-122 ਅਤੇ ਕਾਂਗਰਸ ਨੂੰ 62-85 ਸੀਟਾਂ ’ਤੇ ਅੱਗੇ ਦਿਖਾਇਆ ਹੈ। ਟੀਵੀ9 ਭਾਰਤਵਰਸ਼ ਨੇ ਭਾਜਪਾ ਨੂੰ 100-110 ਅਤੇ ਕਾਂਗਰਸ ਨੂੰ 90-100 ਸੀਟਾਂ ਦਿੱਤੀਆਂ ਹਨ। ਟਾਈਮਜ਼ ਨਾਓ ਨੇ ਭਾਜਪਾ ਨੂੰ 108-128 ਅਤੇ ਕਾਂਗਰਸ ਨੂੰ 56-72 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਛੱਤੀਸਗੜ੍ਹ ’ਚ ਏਬੀਪੀ ਨਿਊਜ਼-ਸੀ ਵੋਟਰ ਨੇ ਕਾਂਗਰਸ ਨੂੰ 41-53 ਜਦਕਿ ਭਾਜਪਾ ਨੂੰ 36-48 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ ਨੇ ਕਾਂਗਰਸ ਨੂੰ 40-50 ਅਤੇ ਭਾਜਪਾ ਨੂੰ 36-46 ਸੀਟਾਂ ਦਿੱਤੀਆਂ ਹਨ।

ਇੰਡੀਆ ਟੀਵੀ-ਸੀਐੱਨਐਕਸ ਨੇ ਕਾਂਗਰਸ ਨੂੰ 46-56 ਅਤੇ ਭਾਜਪਾ ਨੂੰ 30-40 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਜਨ ਕੀ ਬਾਤ ਮੁਤਾਬਕ ਕਾਂਗਰਸ ਨੂੰ 42-53 ਜਦਕਿ ਭਾਜਪਾ ਨੂੰ 34-45 ਸੀਟਾਂ ਮਿਲਣਗੀਆਂ। ਟੁਡੇਜ਼ ਪੰਚਾਰੀ ਨੇ ਕਾਂਗਰਸ ਨੂੰ 57 ਅਤੇ ਭਾਜਪਾ ਨੂੰ 33 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਤਿਲੰਗਾਨਾ ’ਚ ਇੰਡੀਆ ਟੀਵੀ-ਸੀਐੱਨਐਕਸ ਨੇ ਕਾਂਗਰਸ ਨੂੰ 63-79, ਬੀਆਰਐੱਸ ਨੂੰ 31-47, ਭਾਜਪਾ ਨੂੰ 2-4 ਅਤੇ ਏਆਈਐੱਮਆਈਐੱਮ ਨੂੰ 5-7 ਸੀਟਾਂ ’ਤੇ ਅੱਗੇ ਦਿਖਾਇਆ ਹੈ।

ਜਨ ਕੀ ਬਾਤ ਨੇ ਕਾਂਗਰਸ ਨੂੰ 48-64 ਸੀਟਾਂ ਦਿੱਤੀਆਂ ਹਨ ਜਦਕਿ ਬੀਆਰਐੱਸ ਦੇ 40-55, ਭਾਜਪਾ ਦੇ 7-13 ਤੇ ਏਆਈਐੱਮਆਈਐੱਮ ਦੇ 4-7 ਸੀਟਾਂ ’ਤੇ ਜਿੱਤਣ ਦੀ ਪੇਸ਼ੀਨਗੋਈ ਕੀਤੀ ਹੈ। ਰਿਪਬਲਿਕ ਟੀਵੀ-ਮੈਟਰਿਜ਼ ਨੇ ਤਿਲੰਗਾਨਾ ’ਚ ਕਾਂਗਰਸ ਨੂੰ 58-68 ਸੀਟਾਂ, ਬੀਆਰਐੱਸ ਦੇ 46-56 ਤੇ ਏਆਈਐੱਮਆਈਐੱਮ ਦੇ 5-9 ਸੀਟਾਂ ’ਤੇ ਜਿੱਤ ਦੀ ਸੰਭਾਵਨਾ ਜਤਾਈ ਹੈ। ਟੀਵੀ9 ਭਾਰਤਵਰਸ਼ ਨੇ ਕਾਂਗਰਸ ਨੂੰ 49-59 ਅਤੇ ਬੀਆਰਐੱਸ ਨੂੰ 48-58 ਸੀਟਾਂ ਦਿੱਤੀਆਂ ਹਨ।

Spread the love