ਚੋਣ ਕਮਿਸ਼ਨ ਨੇ 4 ਦਸੰਬਰ ਨੂੰ ਵੋਟਾਂ ਦੀ ਗਿਣਤੀ ਦਾ ਐਲਾਨ ਕੀਤਾ

ਨਵੀਂ ਦਿੱਲੀ: ਮਿਜ਼ੋਰਮ ’ਚ ਵੋਟਾਂ ਦੀ ਗਿਣਤੀ ਦੀ ਤਰੀਕ ਬਦਲਣ ਲਈ ਸੂਬੇ ’ਚ ਭਾਰੀ ਪ੍ਰਦਰਸ਼ਨਾਂ ਵਿਚਕਾਰ ਚੋਣ ਕਮਿਸ਼ਨ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੇ ਵੋਟਾਂ ਦੀ ਗਿਣਤੀ ਦੀ ਤਰੀਕ 3 ਦਸੰਬਰ ਤੋਂ ਮੁਲਤਵੀ ਕਰ ਕੇ 4 ਦਸੰਬਰ ਕਰ ਦਿਤੀ ਹੈ। ਚੋਣ ਕਮਿਸ਼ਨ ਨੇ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਉਸ ਨੂੰ ਵੱਖ-ਵੱਖ ਹਲਕਿਆਂ ਤੋਂ ਕਈ ਬੇਨਤੀਆਂ ਮਿਲੀਆਂ ਹਨ, ਜਿਨ੍ਹਾਂ ’ਚ ਵੋਟਾਂ ਦੀ ਗਿਣਤੀ 3 ਦਸੰਬਰ (ਐਤਵਾਰ) ਤੋਂ ਬਦਲ ਕੇ ਕਿਸੇ ਹੋਰ ਹਫਤੇ ਦੇ ਦਿਨ ਕਰਨ ਦੀ ਬੇਨਤੀ ਕੀਤੀ ਗਈ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਨੇ ਇਨ੍ਹਾਂ ਮੰਗਾਂ ’ਤੇ ਵਿਚਾਰ ਕਰਨ ਤੋਂ ਬਾਅਦ ਮਿਜ਼ੋਰਮ ਵਿਧਾਨ ਸਭਾ ਦੀਆਂ ਆਮ ਚੋਣਾਂ ਦੀ ਗਿਣਤੀ ਦੀ ਤਰੀਕ 3 ਦਸੰਬਰ ਤੋਂ ਵਧਾ ਕੇ 4 ਦਸੰਬਰ ਕਰਨ ਦਾ ਫੈਸਲਾ ਕੀਤਾ ਹੈ। ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ 3 ਦਸੰਬਰ ਦੀ ਤਰੀਕ ਤੈਅ ਕੀਤੀ ਸੀ। ਬਾਕੀ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਨਿਰਧਾਰਤ ਸਮੇਂ ਅਨੁਸਾਰ ਹੋਵੇਗੀ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ 3 ਦਸੰਬਰ ਨੂੰ ਈਸਾਈਆਂ ਦਾ ਪਵਿੱਤਰ ਦਿਨ ਹੈ ਅਤੇ ਮਿਜ਼ੋਰਮ ਇਕ ਈਸਾਈ ਬਹੁਗਿਣਤੀ ਸੂਬਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ ਅਤ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁਕੀਆਂ ਹਨ। ਇਸ ਤੋਂ ਪਹਿਲਾਂ ਰਾਜਸਥਾਨ ’ਚ ਵੀ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਮਿਤੀ 23 ਨਵੰਬਰ ਤੋਂ ਬਦਲ ਕੇ 25 ਨਵੰਬਰ ਕਰਨੀ ਪਈ ਸੀ ਕਿਉਂਕਿ ਸੂਬੇ ਅੰਦਰ ਇਸ ਦਿਨ ਸ਼ੁੱਭ ਦਿਨ ਹੋਣ ਕਾਰਨ ਵੱਡੀ ਗਿਣਤੀ ’ਚ ਵਿਆਹ ਹੋਣੇ ਸਨ।

Spread the love