ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ NCRB ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ ਲਾਪਤਾ ਲੋਕਾਂ ‘ਚ 80 ਫੀਸਦੀ ਔਰਤਾਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।

ਹਰਸਿਮਰਤ ਬਾਦਲ ਨੇ ਅੱਗੇ ਲਿਖਿਆ, “ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਰਿਪੋਰਟ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਮਨੁੱਖੀ ਤਸਕਰੀ ਸਮੇਤ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਵੀ ਨਹੀਂ ਕੀਤੀ। ਇਸ ਦੀ ਜਾਂਚ ਲਈ ਇੱਕ ਕਮਿਸ਼ਨ ਤੁਰੰਤ ਬਣਾਇਆ ਜਾਣਾ ਚਾਹੀਦਾ ਹੈ।”

ਪੰਜਾਬ ‘ਚ ਇੱਕ ਸਾਲ ‘ਚ 927 ਲੜਕੀਆਂ ਲਾਪਤਾ

ਹਰਸਿਮਰਤ ਬਾਦਲ ਨੇ ਆਪਣੀ ਪੋਸਟ ਨਾਲ ਮੀਡੀਆ ਰਿਪੋਰਟ ਸਾਂਝੀ ਕੀਤੀ ਹੈ। ਉਨ੍ਹਾਂ ਅਨੁਸਾਰ ਪੰਜਾਬ ਵਿੱਚੋਂ ਹਰ ਰੋਜ਼ 3 ਲੜਕੀਆਂ ਤੇ ਇੱਕ ਲੜਕਾ ਲਾਪਤਾ ਹੋ ਜਾਂਦਾ ਹੈ। ਪਿਛਲੇ ਸਾਲ 18 ਸਾਲ ਤੋਂ ਘੱਟ ਉਮਰ ਦੇ 1113 ਲੜਕੇ-ਲੜਕੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਸ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾਪਤਾ ਹੋਣ ਵਾਲਿਆਂ ਵਿੱਚ 927 ਲੜਕੀਆਂ ਤੇ 127 ਲੜਕੇ ਸ਼ਾਮਲ ਹਨ। ਜੇਕਰ ਸਾਲ 2021 ਦੀ ਗੱਲ ਕਰੀਏ ਤਾਂ 1045 ਲੋਕ ਲਾਪਤਾ ਹੋਏ, ਜਿਨ੍ਹਾਂ ਵਿੱਚ 881 ਲੜਕੀਆਂ ਤੇ 164 ਲੜਕੇ ਸਨ।

ਸੂਬੇ ਦੇ 3607 ਲੋਕ ਲਾਪਤਾ

ਰਿਪੋਰਟ ਮੁਤਾਬਕ ਸੂਬੇ ‘ਚ ਹੁਣ ਤੱਕ 3607 ਲੋਕ ਲਾਪਤਾ ਹੋਏ, ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਸਾਲ 2021 ਵਿੱਚ ਇਨ੍ਹਾਂ ਲਾਪਤਾ ਲੋਕਾਂ ਦੀ ਗਿਣਤੀ 2494 ਸੀ। ਲਾਪਤਾ ਹੋਣ ਵਾਲੇ ਬੱਚਿਆਂ ਵਿੱਚ ਕੁੜੀਆਂ ਦੀ ਗਿਣਤੀ ਵਿੱਚ ਵਾਧਾ ਮਨੁੱਖੀ ਤਸਕਰੀ ਦੇ ਵਧਦੇ ਖ਼ਤਰੇ ਦਾ ਸੰਕੇਤ ਹੈ। ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਗੁੰਮਸ਼ੁਦਾ ਮਾਮਲਿਆਂ ਵਿੱਚ ਵਾਧਾ ਹੈਰਾਨੀਜਨਕ ਹੈ। ਦੱਸ ਦਈਏ ਕਿ ਹਾਲ ਹੀ ‘ਚ NCRB ਨੇ ਵੀ ਪੰਜਾਬ ‘ਚ ਅਪਰਾਧ ਦੀ ਰਿਪੋਰਟ ਪੇਸ਼ ਕੀਤੀ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ 2021 ਦੇ ਮੁਕਾਬਲੇ 2022 ‘ਚ ਪੰਜਾਬ ‘ਚ ਔਰਤਾਂ ਤੇ ਬੱਚਿਆਂ ਖਿਲਾਫ ਅਪਰਾਧਾਂ ‘ਚ ਕਮੀ ਆਈ ਹੈ।

Spread the love