ਚੰਡੀਗੜ੍ਹ : ਭਾਰਤ ਦੇ ਲੱਖਾਂ ਟਰੱਕ ਡਰਾਈਵਰਾਂ ਦਾ ਸਫਰ ਜਲਦੀ ਹੀ ਸੁਖਾਲਾ ਹੋਣ ਵਾਲਾ ਹੈ। ਟਰਾਂਸਪੋਰਟ ਮੰਤਰਾਲੇ ਨੇ ਮਾਲਵਾਹਕ ਵਾਹਨਾਂ ਵਿੱਚ ਏਅਰ ਕੰਡੀਸ਼ਨਰ (Air Conditioner) ਲਗਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨਵੇਂ ਨਿਯਮ ਤਹਿਤ ਹੁਣ ਕੰਪਨੀਆਂ ਲਈ ਟਰੱਕਾਂ ਦੇ ਕੈਬਿਨਾਂ ਵਿੱਚ ਏਅਰ ਕੰਡੀਸ਼ਨਰ ਸਿਸਟਮ ਦੇਣਾ ਲਾਜ਼ਮੀ ਹੋਵੇਗਾ। ਇਹ ਨਿਯਮ 1 ਅਕਤੂਬਰ 2025 ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ਵਿੱਚ ਮੰਤਰਾਲੇ ਨੇ ਕਿਹਾ ਕਿ ਏਅਰ ਕੰਡੀਸ਼ਨਿੰਗ ਸਿਸਟਮ 1 ਅਕਤੂਬਰ, 2025 ਨੂੰ ਜਾਂ ਇਸ ਤੋਂ ਬਾਅਦ ਨਿਰਮਿਤ N2 ਅਤੇ N3 ਸ਼੍ਰੇਣੀ ਦੇ ਟਰੱਕਾਂ ਦੇ ਕੈਬਿਨ ਵਿੱਚ ਲਗਾਇਆ ਜਾਵੇਗਾ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਨਾਲ ਲੈਸ ਕੈਬਿਨਾਂ ਦਾ ਪ੍ਰੀਖਣ IS14618:2022 ਦੇ ਅਨੁਸਾਰ ਕੀਤਾ ਜਾਵੇਗਾ। ਜੁਲਾਈ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟਰੱਕਾਂ ਦੇ ਕੈਬਿਨ ਵਿੱਚ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਦੀ ਸਥਾਪਨਾ ਨੂੰ ਲਾਜ਼ਮੀ ਬਣਾਉਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ “ਇਹ ਫੈਸਲਾ ਟਰੱਕ ਡਰਾਈਵਰਾਂ ਨੂੰ ਆਰਾਮਦਾਇਕ ਅਤੇ ਕੰਮ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।”

ਗਡਕਰੀ ਨੇ ਕਿਹਾ ਸੀ ਕਿ ਟਰੱਕ ਡਰਾਈਵਰ ਅੱਤ ਦੀ ਗਰਮੀ ਵਿੱਚ ਕੰਮ ਕਰਨ ਲਈ ਮਜਬੂਰ ਹਨ। ਮੰਤਰੀ ਨੇ ਕਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਟਰੱਕ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੈਬਿਨਾਂ ਲਈ ਜ਼ੋਰ ਦੇ ਰਹੇ ਹਨ, ਜਦੋਂ ਕਿ “ਕੁਝ ਲੋਕਾਂ ਨੇ ਇਸ ‘ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਸ ਨਾਲ ਲਾਗਤ ਵਧੇਗੀ।”

ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਵਿੱਚ ਟਰੱਕ ਡਰਾਈਵਰਾਂ ਦੇ ਆਰਾਮ ਲਈ ਨਹੀਂ ਬਣਾਏ ਗਏ ਹਨ, ਜਦੋਂ ਕਿ ਅਮਰੀਕਾ ਵਿੱਚ ਸੁਰੱਖਿਆ ਅਤੇ ਆਰਾਮ ਦੀਆਂ ਵਿਸ਼ੇਸ਼ਤਾਵਾਂ ਨਿਰਮਾਤਾਵਾਂ ਦੀ ਤਰਜੀਹ ਸੂਚੀ ਵਿੱਚ ਸਭ ਤੋਂ ਉੱਪਰ ਹਨ। ਨਿਤਿਨ ਗਡਕਰੀ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਕੇਂਦਰ ਸਰਕਾਰ ਰਾਸ਼ਟਰੀ ਰਾਜਮਾਰਗਾਂ ‘ਤੇ ਸੜਕਾਂ ਦੇ ਕਿਨਾਰੇ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।

Spread the love