ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਮੁੜ ਤੋਂ INDIA ਗਠਜੋੜ ਨੂੰ ਲੈ ਕੇ ਬਿਆਨ ਦਿੱਤਾ ਹੈ। ਰਾਜਾ ਵੜਿੰਗ ਨੇ ਦੁਹਰਾਇਆ ਹੈ ਕਿ ਸਾਨੂੰ ਕਾਂਗਰਸ ਹਾਈਕਮਾਨ ਤੋਂ ਕੋਈ ਅਜਿਹਾ ਸੰਦੇਸ਼ ਨਹੀਂ ਆਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨੀਆਂ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਾਲੇ ਤੱਕ ਸਾਨੂੰ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ‘ਤੇ ਤਿਆਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਪੰਜਾਬ ਕਾਂਗਰਸ ਦੇ ਲੀਡਰ ਤੇ ਵਰਕਰ ਇਹਨਾਂ 13 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਬਾਕੀ ਹਾਈਕਮਾਨ ਦਾ ਜੋ ਵੀ ਫੈਸਲਾ ਆਵੇਗਾ ਉਸ ਮੁਤਾਬਕ ਹੀ ਚੱਲਾਂਗੇ।

ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਭਾਜਪਾ ਦੀਆਂ ਵਿਰੋਧੀ ਧਿਰਾਂ ਨੇ ਨੈਸ਼ਨਲ ਪੱਧਰ ‘ਤੇ ਇੱਕ ਗਠਜੋੜ ਤਿਆਰ ਕੀਤਾ ਹੈ ਜਿਸ ਦਾ ਨਾਮ INDIA ਰੱਖਿਆ ਹੈ। ਇਸ ਗਠਜੋੜ ‘ਚ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਪਰ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਵਿਰੋਧੀ ਧਿਰ ਕਾਂਗਰਸ ਹੈ। ਇਸ ਲਈ ਪੰਜਾਬ ਕਾਂਗਰਸ ਦੇ ਲੀਡਰ ਦਾਅਵਾ ਕਰ ਰਹੇ ਹਨ ਕਿ ਅਸੀਂ ਆਪਣੇ ਪੱਧਰ ‘ਤੇ ਲੋਕ ਸਭਾ ਦੀਆਂ ਚੋਣਾਂ ਲੜਾਂਗੇ।

ਬੀਤੇ ਦਿਨ ਵੀ INDIA ਗਠਜੋੜ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਦੇਸ਼ ਦੇ ਪਹਿਲੇ ਦਲਿਤ ਪ੍ਰਧਾਨ ਮੰਤਰੀ ਦੇ ਤੌਰ ‘ਤੇ ਖੜਗੇ ਦੀ ਉਮੀਦਵਾਰੀ ਦਾ ਸੁਝਾਅ ਰੱਖਿਆ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਇਸ ਦੀ ਹਮਾਇਤ ਕੀਤੀ।

ਹਾਲਾਂਕਿ ਖੜਗੇ ਨੇ ਸਭ ਤੋਂ ਪਹਿਲਾਂ ਚੋਣਾਂ `ਚ ਗਠਜੋੜ ਦੀ ਜਿੱਤ ਲਈ ਕੰਮ ਕਰਨ ਤੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਦਾ ਫ਼ੈਸਲਾ ਨਤੀਜਿਆਂ ਤੋਂ ਬਾਅਦ ਕਰਨ ਦੀ ਗੱਲ ਕਹਿ ਕੇ ਸਾਫ਼ ਕਰ ਦਿੱਤਾ ਕਿ ਆਈਐੱਨਡੀਆਈਏ ਸਾਮੂਹਿਕ ਲੀਡਰਸ਼ਿਪ ‘ਚ ਹੀ ਲੋਕ ਸਭਾ ਦੀ ਚੋਣ ਲੜੇਗਾ।

ਬੈਠਕ ‘ਚ ਗਠਜੋੜ ਦੀਆਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦਾ ਫ਼ੈਸਲਾ ਛੇਤੀ ਕਰ ਕੇ ਦਸੰਬਰ ਦੇ ਅਖੀਰ ਤੱਕ ਇਸ ਨੂੰ ਸਿਰੇ ਚੜ੍ਹਾਉਣ ਦੀ ਸਮਾਂ ਹੱਦ ਤੈਅ ਕਰਦੇ ਹੋਏ ਤੈਅ ਕੀਤਾ ਗਿਆ ਕਿ ਚੋਣਾਂ ਲਈ ਤਾਲਮੇਲ ਸੂਬਿਆਂ ਦੇ ਪੱਧਰ ‘ਤੇ ਹੀ ਹੋਵੇਗਾ।

Spread the love