ਰੋਪੜ ; ਮਾਲ ਵਿਭਾਗ ਬਲਾਚੌਰ ਵੱਲੋ ਆਸਰੋਂ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਦੀ ਨਿਸ਼ਾਨਦੇਹੀ ਕੀਤੀ ਗਈ। ਇਸ ਮੌਕੇ ਹਾਜ਼ਰ ਵੱਖ ਵੱਖ ਸੰਸਥਾਵਾਂ ਦੇ ਨੁਮਾਇਦਿਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਲਈ ਸੁਰੱਖਿਅਤ ਕੀਤੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਲਈ 6 ਦਸੰਬਰ ਤੋਂ ਸੰਘਰਸ਼ ਦੀ ਸ਼ੁਰੂਆਤ ਕਰਨ ਵਾਲੇ ਬਜ਼ੁਰਗ ਰਾਜਿੰਦਰਪਾਲ ਸਿੰਘ ਦੀ ਹਾਜ਼ਰੀ ਵਿੱਚ ਮਾਲ ਮਹਿਕਮੇ ਵੱਲੋਂ ਡਿਜੀਟਲ ਤਰੀਕੇ ਨਾਲ ਨਿਸ਼ਾਨਦੇਹੀ ਕਰ ਕੇ ਦੱਸੀਆਂ ਨਿਸ਼ਾਨੀਆਂ ਤੇ ਕੇਸਰੀ ਝੰਡੇ ਗੱਡ ਕੇ ਨਿਸ਼ਾਨਦੇਹੀ ਦੀਆਂ ਹੱਦਾਂ ਕਾਇਮ ਕੀਤੀਆਂ ਗਈਆਂ।

ਨਿਸ਼ਾਨਦੇਹੀ ਕਰਨ ਆਏ ਕਾਨੂੰਨਗੋ ਸੁਰਜੀਤ ਪਾਲ ਤੇ ਪਟਵਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਲਈ ਸੁਰੱਖਿਅਤ ਕੀਤੀ 63 ਕਨਾਲ 2 ਮਰਲੇ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਹੱਦਾਂ ਕਾਇਮ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਮੌਕੇ ਤੇ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਕਰਨਲ ਜਤਿੰਦਰ ਸਿੰਘ ਅਤੇ ਮੈਂਬਰ ਨਿਰਮਲ ਸਿੰਘ ਸੰਧੂ ਤੋਂ ਇਲਾਵਾ ਬਖਸ਼ੀਸ਼ ਸਿੰਘ ਖਾਲਸਾ, ਕੁਲਵੰਤ ਸਿੰਘ ਸਰਾੜੀ, ਦਲਜੀਤ ਸਿੰਘ, ਅਜੈਪਾਲ ਸਿੰਘ ਆਦਿ ਸਣੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Spread the love