ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ, ਜਦ ਭਾਜਪਾ ਸ਼ਾਸਤ ਰਾਜਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਇਥੇ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਨਾਲ ਅਜਿਹਾ ਵਿਤਕਰਾ ਕੀਤਾ ਗਿਆ ਸੀ। 26 ਜਨਵਰੀ ਦੀ ਪਰੇਡ ਨੂੰ ਵੀ ਭਗਵਾ ਰੰਗ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ, ‘ਇਸ ਵਾਰ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਪੰਜਾਬ ਆਪਣੀ ਝਾਕੀ ਲਿਆਵੇਗਾ ਜਾਂ ਨਹੀਂ। ਅਸੀਂ 4 ਅਗਸਤ ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖ ਭੇਜ ਕੇ ਝਾਕੀ ਦੀ ਇੱਛਾ ਜ਼ਾਹਰ ਕੀਤੀ ਸੀ। ਅਸੀਂ ਤਿੰਨ ਡਿਜ਼ਾਈਨ ਭੇਜੇ ਸਨ। ਇੱਕ ਸੀ ਪੰਜਾਬ ਦਾ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਦੂਜਾ ਭਾਰਤ ਦੀ ਮਾਈ ਭਾਗੋ- ਪਹਿਲੀ ਮਹਿਲਾ ਯੋਧੇ ਅਤੇ ਤੀਜਾ ਪੰਜਾਬ ਦਾ ਅਮੀਰ ਵਿਰਸਾ ਅਤੇ ਇਤਿਹਾਸ। ਇਸ ਸਬੰਧੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਤੇ ਅੱਜ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਬਾਰੇ ਪੱਤਰ ਮਿਲਿਆ ਹੈ।’

Spread the love