ਚੰਡੀਗੜ੍ਹ ; ਸਾਲ 2024 ਪੰਜਾਬ ਲਈ ਅਹਿਮ ਹੋਣ ਵਾਲਾ ਹੈ। ਲੋਕ ਸਭਾ ਚੋਣਾਂ ਕਰਕੇ ਕੇਂਦਰ ਸਰਕਾਰ ਪੰਜਾਬ ਨੂੰ ਕਈ ਤੋਹਫੇ ਦੇਣ ਜਾ ਰਹੀ ਹੈ। ਬੇਸ਼ੱਕ ਕੁਝ ਨਵੇਂ ਐਲਾਨ ਹੋਣਗੇ ਪਰ ਪਿਛਲੇ ਪ੍ਰੋਜੈਕਟਾਂ ਨੂੰ ਇਸ ਸਾਲ ਸਿਰੇ ਲਾਉਣ ਦੀ ਕੋਸ਼ਿਸ਼ ਹੋਏਗੀ। ਇਸ ਸਾਲ ਸਭ ਤੋਂ ਵੱਡੀ ਸੌਗਾਤ ਸੜਕੀ ਢਾਂਚੇ ਬਾਰੇ ਹੋਏਗੀ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ 2024 ‘ਚ ਬਣ ਕੇ ਤਿਆਰ ਹੋ ਜਾਵੇਗ

ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦਾ ਸੜਕੀ ਢਾਂਚਾ ਸਾਲ 2024 ਵਿੱਚ ਪੂਰੀ ਤਰ੍ਹਾਂ ਬਦਲਣ ਜਾ ਰਿਹਾ ਹੈ। ਪੰਜਾਬ ਵਿੱਚ 2024-2025 ਵਿੱਚ 5 ਗ੍ਰੀਨ-ਫੀਲਡ ਤੇ ਇਕਨੌਮਿਕ ਕੌਰੀਡੋਰ ਬਣਨ ਜਾ ਰਹੇ ਹਨ। ਇਸ ਦੀ ਜਾਣਕਾਰੀ ਦੇਸ਼ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਖੁਦ ਪਿਛਲੇ ਮਹੀਨੇ ਅੰਮ੍ਰਿਤਸਰ ਫੇਰੀ ਦੌਰਾਨ ਦਿੱਤੀ ਸੀ।

ਸੂਤਰਾਂ ਦੀ ਮੰਨੀਏ ਤਾਂ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ 2024 ‘ਚ ਹੀ ਬਣ ਕੇ ਤਿਆਰ ਹੋ ਸਕਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ-ਬਠਿੰਡਾ-ਜਾਮਨਗਰ (ਗੁਜਰਾਤ), ਲੁਧਿਆਣਾ-ਰੂਪਨਗਰ ਹਾਈਵੇਅ, ਲੁਧਿਆਣਾ-ਬਠਿੰਡਾ ਗ੍ਰੀਨ ਫੀਲਡ ਹਾਈਵੇਅ ਤੇ ਚੰਡੀਗੜ੍ਹ-ਅੰਬਾਲਾ ਕੋਟਪੁਤਲੀ ਗ੍ਰੀਨ ਹਾਈਵੇਅ ਸ਼ਾਮਲ ਹਨ। ਇਹ ਸਾਰੇ ਕੌਰੀਡੋਰ ਆਉਣ ਵਾਲੇ ਦੋ ਸਾਲਾਂ ਵਿੱਚ ਮੁਕੰਮਲ ਹੋ ਜਾਣਗੇ। ਇਸ ਤੋਂ ਬਾਅਦ ਪੰਜਾਬ ਦੇ ਹਾਈਵੇਅ ਦਾ ਕਾਇਆ-ਕਲਪ ਹੋ ਜਾਏਗਾ।

ਦਰਅਸਲ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਦੀ ਗੱਲ ਕਰੀਏ ਤਾਂ 2014 ਵਿੱਚ ਇਨ੍ਹਾਂ ਦੀ ਲੰਬਾਈ 1699 ਕਿਲੋਮੀਟਰ ਸੀ। ਹੁਣ ਨੈਸ਼ਨਲ ਹਾਈਵੇਅ 4239 ਕਿਲੋਮੀਟਰ ਲੰਬਾ ਹੈ, ਪਰ ਆਉਣ ਵਾਲੇ ਦੋ ਸਾਲਾਂ ਵਿੱਚ 5 ਗਲਿਆਰਿਆਂ ਦੇ ਮੁਕੰਮਲ ਹੋਣ ਨਾਲ ਇਹ ਲੰਬਾਈ ਕਈ ਕਿਲੋਮੀਟਰ ਹੋਰ ਵਧਣ ਵਾਲੀ ਹੈ। ਇਸ ਵਿੱਚ 699 ਕਿਲੋਮੀਟਰ ਲੰਬਾ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਬਣਨ ‘ਤੇ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ‘ਚ ਤੇ ਕਟੜਾ ਤੋਂ ਦਿੱਲੀ 6 ਘੰਟੇ ‘ਚ ਪਹੁੰਚਣਾ ਸੰਭਵ ਹੋਵੇਗਾ। ਇਸ ਸਮੇਂ ਦਿੱਲੀ ਤੋਂ ਕਟੜਾ ਦੀ ਦੂਰੀ 727 ਕਿਲੋਮੀਟਰ ਹੈ ਤੇ ਇਸ ਮਾਰਗ ਦੇ ਬਣਨ ਨਾਲ ਇਹ ਦੂਰੀ 58 ਕਿਲੋਮੀਟਰ ਘੱਟ ਜਾਵੇਗੀ।

ਦਿੱਲੀ ਦੇ ਕੇਐਮਪੀ ਤੋਂ ਸ਼ੁਰੂ ਹੋਣ ਵਾਲੇ ਹਰਿਆਣਾ ਵਿੱਚ ਬਣਾਏ ਜਾ ਰਹੇ ਇਸ ਐਕਸਪ੍ਰੈਸ ਵੇਅ ਦੀ ਲੰਬਾਈ 137 ਕਿਲੋਮੀਟਰ ਹੈ। ਇਸ ਪੰਜਾਬ ਐਕਸਪ੍ਰੈਸ ਵੇਅ ਦੀ ਲੰਬਾਈ 399 ਕਿਲੋਮੀਟਰ ਹੈ, ਜਿਸ ਵਿੱਚੋਂ 296 ਕਿਲੋਮੀਟਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜੰਮੂ-ਕਸ਼ਮੀਰ ‘ਚ ਇਸ ਐਕਸਪ੍ਰੈੱਸ ਵੇਅ ਦੀ ਲੰਬਾਈ 135 ਕਿਲੋਮੀਟਰ ਹੈ, ਜਿਸ ‘ਚੋਂ 120 ਕਿਲੋਮੀਟਰ ਦਾ ਨਿਰਮਾਣ ਚੱਲ ਰਿਹਾ ਹੈ। ਪੰਜਾਬ ਵਿੱਚ ਇਹ ਐਕਸਪ੍ਰੈਸਵੇਅ ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ ਵਰਗੇ ਉਦਯੋਗਿਕ ਖੇਤਰਾਂ ਵਿੱਚੋਂ ਲੰਘੇਗਾ। ਉਂਝ ਇਸ ਐਕਸਪ੍ਰੈਸ ਵੇਅ ਦਾ ਸਿਰਫ਼ 17 ਫ਼ੀਸਦੀ ਕੰਮ ਹੀ ਪੂਰਾ ਹੋਇਆ ਹੈ।

ਇਸ ਕੋਰੀਡੋਰ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਬਿਆਸ ਦਰਿਆ ਉੱਤੇ ਏਸ਼ੀਆ ਦਾ ਸਭ ਤੋਂ ਲੰਬਾ 1300 ਮੀਟਰ ਲੰਬਾ ਕੇਬਲ-ਸਟੇਡ ਪੁਲ ਹੈ। ਇੱਥੇ ਇੱਕ ਗੈਲਰੀ ਵੀ ਬਣਾਈ ਜਾ ਰਹੀ ਹੈ, ਜਿਸ ਵਿੱਚ ਲੋਕ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਇਹ ਐਕਸਪ੍ਰੈਸ ਵੇਅ ਸਿੱਖ ਕੌਮ ਦੇ ਪ੍ਰਮੁੱਖ ਧਾਰਮਿਕ ਸਥਾਨਾਂ, ਸ੍ਰੀ ਹਰਿਮੰਦਰ ਸਾਹਿਬ, ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਸੁਲਤਾਨਪੁਰ ਲੋਧੀ ਗੁਰਦੁਆਰਾ, ਗੋਇੰਦਵਾਲ ਸਾਹਿਬ ਗੁਰਦੁਆਰਾ, ਖਡੂਰ ਸਾਹਿਬ ਗੁਰਦੁਆਰਾ, ਗੁਰਦੁਆਰਾ ਦਰਬਾਰ ਸਾਹਿਬ (ਤਰਨ ਤਾਰਨ) ਨੂੰ ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਨਾਲ ਜੋੜੇਗਾ।

Spread the love