ਚੰਡੀਗੜ੍ਹ,: ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਪੰਜਾਬ ਦੀ ਝਾਕੀ ਲਈ ਪੇਸ਼ ਕੀਤੇ ਗਏ ਨਵੇਂ ਪ੍ਰਸਤਾਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ‘ਨਾ-ਮਨਜ਼ੂਰ ਸ਼੍ਰੇਣੀ’ ਵਿੱਚ ਸੂਬਾ ਸਰਕਾਰ ਪੰਜਾਬ ਦੀ ਝਾਕੀ ਨਹੀਂ ਭੇਜੇਗੀ। ਪੰਜਾਬ ਅਤੇ ਪੱਛਮੀ ਬੰਗਾਲ ਦੀ ਝਾਕੀ ਨੂੰ ਗਣਤੰਤਰ ਦਿਵਸ ਸਬੰਧੀ ਕੌਮੀ ਪਰੇਡ ’ਚੋਂ ਬਾਹਰ ਕੀਤੇ ਜਾਣ ਮਗਰੋਂ ਸਿਆਸਤ ਭਖ ਗਈ ਹੈ ਜਿਸ ਦਾ ਅਸਰ ਕੌਮੀ ਪੱਧਰ ’ਤੇ ਵੀ ਦੇਖਣ ਨੂੰ ਮਿਲਿਆ ਹੈ। ਆਖ਼ਰਕਾਰ ਰੱਖਿਆ ਮੰਤਰਾਲੇ ਨੂੰ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦੇਣਾ ਪਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਝਾਕੀ ਨੂੰ ਕੌਮੀ ਪਰੇਡ ’ਚੋਂ ਬਾਹਰ ਕਰਨ ਸਬੰਧੀ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਸਨ, ਜਿਸ ਬਾਰੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੋੜਵੇਂ ਜਵਾਬ ਦਿੱਤੇ ਸਨ। ਰੱਖਿਆ ਮੰਤਰਾਲੇ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪਰੇਡ ਲਈ ਝਾਕੀ ਦੀ ਚੋਣ ਵਾਸਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲੋਂ ਪ੍ਰਸਤਾਵ ਮੰਗੇ ਜਾਂਦੇ ਹਨ ਅਤੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਹੈ।

ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਦੀ ਇਸ ਸਾਲ ਦੀ ਝਾਕੀ ਥੀਮ ਦੇ ਅਨੁਕੂਲ ਨਾ ਹੋਣ ਕਰ ਕੇ ਤੀਸਰੇ ਗੇੜ ਤੋਂ ਅਗਾਂਹ ਨਹੀਂ ਜਾ ਸਕੀ। ਮੰਤਰਾਲੇ ਦਾ ਕਹਿਣਾ ਹੈ ਕਿ ਵਿਸ਼ਾ ਮਾਹਿਰਾਂ ਵੱਲੋਂ ਝਾਕੀ ਦੀ ਤਕਨੀਕੀ ਨਜ਼ਰੀਏ ਤੋਂ ਘੋਖ ਕੀਤੀ ਜਾਂਦੀ ਹੈ। ਮੰਤਰਾਲੇ ਨੇ ਝਾਕੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਜਿਸ ਤਰ੍ਹਾਂ ਕਿ ਸੁਨੀਲ ਜਾਖੜ ਆਖ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਜਾਖੜ ਨੂੰ ਚੁਣੌਤੀ ਵੀ ਦੇ ਦਿੱਤੀ ਸੀ।

ਰੱਖਿਆ ਮੰਤਰਾਲੇ ਨੇ ਅੱਜ ਪੰਜਾਬ ਸਰਕਾਰ ਅੱਗੇ ਨਵਾਂ ਬਦਲ ਪੇਸ਼ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਝਾਕੀ ਨੂੰ ਭਾਰਤ ਪਰਵ 23 ਤੋਂ 31 ਜਨਵਰੀ ਦੌਰਾਨ ਲਾਲ ਕਿਲ੍ਹੇ ਲਈ ਭੇਜ ਦਿੱਤਾ ਜਾਵੇ ਪਰ ਮੁੱਖ ਮੰਤਰੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ‘ਨਾ-ਮਨਜ਼ੂਰ ਸ਼੍ਰੇਣੀ’ ਵਿੱਚ ਉਹ ਝਾਕੀ ਨਹੀਂ ਭੇਜਣਗੇ ਅਤੇ ਨਾ ਹੀ ਉਨ੍ਹਾਂ ਨੂੰ ਦੇਸ਼ ਦੇ ਸ਼ਹੀਦਾਂ ਬਾਰੇ ਭਾਜਪਾ ਕੋਲੋਂ ਐੱਨਓਸੀ ਲੈਣ ਦੀ ਕੋਈ ਲੋੜ ਹੈ।

ਮੁੱਖ ਮੰਤਰੀ ਨੇ ਜਾਰੀ ਬਿਆਨ ਵਿੱਚ ਕਿਹਾ ਹੈ, ‘‘ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਾਈ ਭਾਗੋ, ਗ਼ਦਰੀ ਬਾਬਿਆਂ ਸਮੇਤ ਮਹਾਨ ਸ਼ਹੀਦਾਂ ਨੂੰ ਰੱਦ ਕੀਤੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਕੇਂਦਰ ਸਰਕਾਰ ਅਜਿਹਾ ਕਰ ਕੇ ਇਨ੍ਹਾਂ ਨਾਇਕਾਂ ਦੇ ਮਹਾਨ ਯੋਗਦਾਨ ਅਤੇ ਕੁਰਬਾਨੀਆਂ ਦਾ ਮਹੱਤਵ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ ਮੁੱਖ ਮੰਤਰੀ ਨੇ ਕਿਹਾ ਹੈ, ‘‘ਇਹ ਕਦਮ ਸਾਡੇ ਮਹਾਨ ਦੇਸ਼ ਭਗਤਾਂ ਅਤੇ ਕੌਮੀ ਨੇਤਾਵਾਂ ਦਾ ਘੋਰ ਨਿਰਾਦਰ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 30 ਦਸੰਬਰ ਨੂੰ ਇਕ ਪੱਤਰ ਲਿਖ ਕੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਲਈ ਸੂਬਿਆਂ ਨਾਲ ਕੀਤੇ ਐੱਮਓਯੂ ਦੇ ਕਲਾਜ਼-8 ਮੁਤਾਬਕ ਸੂਬਾ ਹੋਵੇ ਜਾਂ ਯੂਟੀ ਜਿਸ ਦੀ ਗਣਤੰਤਰ ਦਿਵਸ ਦੀ ਪਰੇਡ ਲਈ ਚੋਣ ਨਹੀਂ ਹੁੰਦੀ ਹੈ, ਉਸ ਸੂਬੇ ਜਾਂ ਯੂਟੀ ਨੂੰ 23 ਤੋਂ 31 ਜਨਵਰੀ ਦੌਰਾਨ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਣ ਵਾਲੇ ‘ਭਾਰਤ ਪਰਵ’ ਵਿੱਚ ਝਾਕੀ ਦਿਖਾਉਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਰਵ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸਿੱਧ ਪਕਵਾਨ, ਰਵਾਇਤਾਂ, ਵਸਤਾਂ, ਦਸਤਕਾਰੀ ਅਤੇ ਤਿਉਹਾਰਾਂ ’ਤੇ ਆਧਾਰਿਤ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਆਪਣੀਆਂ ਝਾਕੀਆਂ ਨਹੀਂ ਭੇਜੇਗਾ ਕਿਉਂਕਿ ਦੇਸ਼ ਦੇ ਸ਼ਹੀਦਾਂ ਨੂੰ ਭਾਜਪਾ ਤੋਂ ਐੱਨਓਸੀ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ, ‘‘ਇਹ ਸ਼ਹੀਦ ਸਾਡੇ ਨਾਇਕ ਹਨ ਅਤੇ ਇਨ੍ਹਾਂ ਯੋਧਿਆਂ ਵੱਲੋਂ ਮੁਲਕ ਲਈ ਕੀਤੀਆਂ ਗਈਆਂ ਲਾਮਿਸਾਲ ਕੁਰਬਾਨੀਆਂ ਵਾਸਤੇ ਦੇਸ਼ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ।’’

Spread the love