ਫਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਮਲਟੀਪਰਪਜ਼ ਹੈਲਥ ਵਰਕਰ ਦੀਆਂ ਅਸਾਮੀਆਂ ਭਰਨ ਲਈ ਲਏ ਇਮਤਿਹਾਨ ਤੋਂ ਬਾਅਦ ਜਾਰੀ ਕੀਤੀ ਉੱਤਰ ਕੁੰਜੀ ’ਤੇ ਵਿਦਿਆਰਥੀਆਂ ਨੇ ਕਈ ਇਤਰਾਜ਼ ਲਾਏ ਹਨ। ਅੱਜ ਯੂਨੀਵਰਸਿਟੀ ਪੁੱਜੇ ਉਮੀਦਵਾਰਾਂ ਨੇ ਦੱਸਿਆ ਕਿ ਇਮਤਿਹਾਨ ਲਈ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੋ ਸਿਲੇਬਸ ਜਾਰੀ ਕੀਤਾ ਗਿਆ ਸੀ, ਉੱਤਰ ਕੁੰਜੀ ਉਸ ਦੇ ਉਲਟ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ ਬੀਤੇ ਦਿਨ ਪੰਜਾਬ ਦੇ 7 ਹਜ਼ਾਰ ਉਮੀਦਵਾਰਾਂ ਦਾ ਮਲਟੀਪਰਪਜ਼ ਵਰਕਰ ਦੀ ਅਸਾਮੀ ਲਈ ਇਮਤਿਹਾਨ ਲਿਆ ਸੀ। ਪ੍ਰੀਖਿਆ ਲੈਣ ਮਗਰੋਂ ’ਵਰਸਿਟੀ ਨੇ ਪ੍ਰਸ਼ਨ ਪੱਤਰ ਲਈ ਉੱਤਰ ਕੁੰਜੀ ਆਨਲਾਈਨ ਜਾਰੀ ਕਰ ਦਿੱਤੀ ਸੀ। ਉਮੀਦਵਾਰਾਂ ਦਾ ਇਤਰਾਜ਼ ਹੈ ਕਿ 5 ਸਵਾਲਾਂ ਦੇ ਜਵਾਬ ਯੂਨੀਵਰਸਿਟੀ ਨੇ ਆਪਣੇ ਸਿਲੇਬਸ ਦੇ ਉਲਟ ਜਾਰੀ ਕੀਤੇ ਹਨ। ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਪ੍ਰੀਖਿਆ ਸਬੰਧੀ ਚਾਰ ਜ਼ਿਲ੍ਹਿਆਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਅਤੇ ਸਾਰੀ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਈ ਸੀ। ਪ੍ਰੀਖਿਆ ਵਿੱਚ 21 ਜ਼ਿਲ੍ਹਿਆਂ ਦੇ ਉਮੀਦਵਾਰ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੇ ਉੱਤਰ ਕੁੰਜੀ ’ਤੇ ਲਿਖਤੀ ਇਤਰਾਜ਼ ਕੀਤੇ ਹਨ ਅਤੇ ’ਵਰਸਿਟੀ ਹੁਣ ਇਨ੍ਹਾਂ ਇਤਰਾਜ਼ਾਂ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਇਤਰਾਜ਼ ਆਉਣ ਤੋਂ ਬਾਅਦ ਯੂਨੀਵਰਸਿਟੀ ਜਾਰੀ ਕੀਤੀ ਉੱਤਰ ਕੁੰਜੀ ’ਤੇ ਮੁੜ ਵਿਚਾਰ ਕਰੇਗੀ ਅਤੇ ਜੇ ਕਿਸੇ ਸਵਾਲ ਦਾ ਜਵਾਬ ਉੱਤਰ ਕੁੰਜੀ ਵਿੱਚ ਗਲਤ ਹੋਇਆ ਤਾਂ ਉਸ ਨੂੰ ਸੁਧਾਰਿਆ ਜਾਵੇਗਾ। ਉਮੀਦਵਾਰਾਂ ਨੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉੱਤਰ ਕੁੰਜੀ ’ਤੇ ਇਤਰਾਜ਼ ਆਨਲਾਈਨ ਲਏ ਜਾਣ।

Spread the love