ਨਵੀਂ ਦਿੱਲੀ: ਮੌਸਮ ਵਿਭਾਗ ਨੇ ਅੱਜ ਉੱਤਰੀ ਭਾਰਤ ’ਚ ਅਗਲੇ ਪੰਜ ਦਿਨ ਹੋਰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸੇ ਦਰਮਿਆਨ ਅੱਜ ਪੰਜਾਬ ’ਚ ਬਠਿੰਡਾ ਤੇ ਹਰਿਆਣਾ ’ਚ ਸਿਰਸਾ ਸਭ ਤੋਂ ਠੰਢੇ ਇਲਾਕੇ ਰਹੇ ਜਦਕਿ ਲੁਧਿਆਣਾ ’ਚ ਠੰਢ ਨੇ 54 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਸਮੁੰਦਰੀ ਤਲ ਤੋਂ 12.6 ਕਿਲੋਮੀਟਰ ਉੱਪਰੋਂ ਉੱਠ ਰਹੀਆਂ ਠੰਢੀਆਂ ਹਵਾਵਾਂ ਉੱਤਰੀ ਭਾਰਤ ਦੇ ਮੈਦਾਨਾਂ ’ਚ ਵਗ ਰਹੀਆਂ ਹਨ। ਏਜੰਸੀ ਅਨੁਸਾਰ ਇਸ ਕਾਰਨ ਉੱਤਰੀ ਭਾਰਤ ’ਚ ਸੀਤ ਲਹਿਰ ਚੱਲ ਰਹੀ ਹੈ ਅਤੇ ਇਹ ਸਥਿਤੀ ਅਗਲੇ 3-4 ਦਿਨ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਸਵੇਰੇ ਤੇ ਸ਼ਾਮ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਵੀ ਅੱਜ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਦੌਰਾ ਜਾਰੀ ਰਿਹਾ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਬਠਿੰਡਾ ਅਤੇ ਹਰਿਆਣਾ ’ਚ ਸਿਰਸਾ ਸਭ ਤੋਂ ਠੰਢੇ ਇਲਾਕੇ ਰਹੇ ਜਿੱਥੇ ਕ੍ਰਮਵਾਰ ਘੱਟੋ ਘੱਟ ਤਾਪਮਾਨ 4 ਤੇ 4.2 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ’ਚ ਅੱਜ ਘੱਟੋ ਘੱਟ ਤਾਪਮਾਨ 6.8, ਫਰੀਦਕੋਟ ’ਚ 5, ਗੁਰਦਾਸਪੁਰ ’ਚ 5, ਲੁਧਿਆਣਾ ’ਚ 6.8, ਪਟਿਆਲਾ ’ਚ 7.7 ਅਤੇ ਪਠਾਨਕੋਟ ’ਚ ਘੱਟੋ ਘੱਟ ਤਾਪਮਾਨ 6 ਡਿਗਰੀ ਰਿਹਾ। ਸਨਅਤੀ ਸ਼ਹਿਰ ਵਿੱਚ ਹਡ ਚੀਰਵੀਂ ਠੰਢ ਨੇ ਪਿਛਲੇ 54 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ 19 ਜਨਵਰੀ ਵਾਲੇ ਦਿਨ 54 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਦਿਨ ਤੇ ਰਾਤ ਦਾ ਤਾਪਮਾਨ ਆਸਪਾਸ ਪੁੱਜ ਗਿਆ ਹੋਵੇ। ਅੱਜ ਲੁਧਿਆਣਾ ਵਿੱਚ ਦਿਨ ਵੇਲੇ ਦਾ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਰਾਤ ਨੂੰ 7 ਡਿਗਰੀ ਰਿਹਾ। ਉੱਧਰ ਹਰਿਆਣਾ ਦੇ ਭਿਵਾਨੀ ’ਚ ਘੱਟੋ ਘੱਟ ਤਾਪਮਾਨ 4.3 ਡਿਗਰੀ, ਫਤਿਹਾਬਾਦ ’ਚ 4.6, ਹਿਸਾਰ ’ਚ 5, ਕਰਨਾਲ ’ਚ 7, ਰੋਹਤਕ ’ਚ 7.6, ਨਾਰਨੌਲ ’ਚ 6 ਅਤੇ ਅੰਬਾਲਾ ’ਚ ਘੱਟੋ ਘੱਟ ਤਾਪਮਾਨ 8.6 ਡਿਗਰੀ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 8.5 ਡਿਗਰੀ ਰਿਹਾ। ਕੌਮੀ ਰਾਜਧਾਨੀ ਦਿੱਲੀ ’ਚ ਅੱਜ ਘੱਟੋ ਘੱਟ ਤਾਪਮਾਨ 7.1 ਡਿਗਰੀ ਦਰਜ ਕੀਤਾ ਗਿਆ

Spread the love