ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਬੁੱਧਵਾਰ ਨੂੰ ਹੋਵੇਗੀ। ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਣ ਵਾਲੀ ਇਸ ਮੀਟਿੰਗ ‘ਚ ਕਈ ਅਹਿਮ ਫ਼ੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਸੂਤਰਾਂ ਮੁਤਾਬਕਬਜਟਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਇਸ ਬੈਠਕ ‘ਚ ਮੰਤਰੀ ਮੰਡਲ ਅਧਿਆਪਕਾਂ ਦੀ ਤਬਾਦਲਾ ਨੀਤੀ ਤੇ ਠੇਕੇ ਦੇ ਆਧਾਰ ‘ਤੇ ਪਾਇਲਟ ਰੱਖਣ ਤੇ ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਹਾੜੀ ਸਾਉਣੀ ਦੇ ਸੀਜ਼ਨ ਦੌਰਾਨ ਫ਼ਸਲ ਦੀ ਸਫ਼ਾਈ ਵੇਲ਼ੇ ਨਿਕਲਣ ਵਾਲੇ ਝਾੜ ਫੂਸ ਨੂੰ ਮੁਫ਼ਤ ‘ਚ ਚੁਕਾਉਣ ਦੇ ਏਜੰਡੇ ਨੂੰ ਚਰਚਾ ਤੋਂ ਬਾਅਦ ਹਰੀ ਝੰਡੀ ਦੇ ਸਕਦਾ ਹੈ।

ਇਸ ਤੋਂ ਇਲਾਵਾ ਗਣਤੰਤਰ ਦਿਵਸ ਮੌਕੇ ਅੱਧਾ ਦਰਜਨ ਤੋਂ ਵੱਧ ਕੈਦੀਆਂ ਦੀ ਰਿਹਾਈ, ਗੁਰੂ ਰਵਿਦਾਸ ਯੂਨੀਵਰਸਿਟੀ ‘ਚ ਠੇਕੇ ਦੇ ਅਧਾਰ ‘ਤੇ ਭਰਤੀ ਕਰਨ ਬਾਰੇ ਅਸਾਮੀਆਂ ਸੁਰਜੀਤ ਕਰਨ ਸਮੇਤ 1944 ਦੇ ਐਕਟ ‘ਚ ਸੋਧ ਦਾ ਏਜੰਡਾ ਵੀ ਕੈਬਨਿਟ ‘ਚ ਰੱਖਿਆ ਜਾ ਸਕਦਾ ਹੈ।


ਇਸ ਵਿੱਚ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਗੈਰ ਸਿੰਚਾਈ ਕੰਮਾਂ ਲਈ ਚਾਰਜ ਨੀਤੀ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਤਹਿਤ ਉਦਯੋਗਾਂ ਅਤੇ ਵਪਾਰਕ ਮੰਤਵਾਂ ਲਈ ਸਸਤੇ ਭਾਅ ’ਤੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ। ਮੀਟਿੰਗ ਵਿੱਚ ਇਸ ਸਬੰਧੀ ਏਜੰਡਾ ਆ ਸਕਦਾ ਹੈ।

ਇਸੇ ਤਰ੍ਹਾਂ ਮੀਟਿੰਗ ਵਿੱਚ ਜਲ ਪ੍ਰਬੰਧਨ ਨੀਤੀ-2024 ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜਲ ਪ੍ਰਬੰਧਨ ਨੀਤੀ 2024 ਦੇ ਤਹਿਤ ਪਾਣੀ ਦੇ ਭੰਡਾਰਨ ਲਈ ਤਲਾਬ ਬਣਾਉਣ ਦੀ ਯੋਜਨਾ ਹੈ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਇੱਕ-ਇੱਕ ਏਕੜ ਦੇ ਤਲਾਅ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਛੱਪੜਾਂ ਦੀ ਮਿੱਟੀ ਦੀ ਵਰਤੋਂ ਉਸਾਰੀ ਪ੍ਰਾਜੈਕਟਾਂ ਵਿੱਚ ਕੀਤੀ ਜਾਵੇਗੀ।


ਮੀਟਿੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਨਾਲ ਸਬੰਧਤ ਏਜੰਡਾ ਵੀ ਹੋਵੇਗਾ। ਇਸ ਤੋਂ ਇਲਾਵਾ ਨੈਸ਼ਨਲ ਫੂਡ ਸਕਿਓਰਿਟੀ ਮਿਸ਼ਨ ਦੇ ਅਨਾਜ ਨਾਲ ਸਬੰਧਤ ਅਤੇ ਆਯੁਰਵੈਦਿਕ ਯੂਨੀਵਰਸਿਟੀ ਵਿੱਚ ਅਸਾਮੀਆਂ ਦੇ ਢਾਂਚੇ ਸਬੰਧੀ ਏਜੰਡੇ ’ਤੇ ਵੀ ਮੀਟਿੰਗ ਆ ਰਹੀ ਹੈ।

Spread the love