ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਹਾ ਹੈ ਕਿ ਸੋਮਵਾਰ ਦੇ ਮੁਕਾਬਲੇ ਯੂਪੀ ਤੇ ਪੂਰਬੀ ਬਿਹਾਰ ਦੇ ਕੇਂਦਰੀ ਹਿੱਸਿਆਂ ਵਿਚ ਅੱਜ ਧੁੰਦ ਘੱਟ ਗਈ ਹਾਲਾਂਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ, ਪੱਛਮੀ ਯੂਪੀ, ਇਸ ਦੇ ਪੂਰਬੀ ਹਿੱਸਿਆਂ ਤੇ ਪੱਛਮੀ ਬਿਹਾਰ ਦੇ ਨਾਲ ਲੱਗਦੇ ਹਿੱਸਿਆਂ ਵਿਚ ਇਹ ਜਾਰੀ ਹੈ। ਪੱਛਮੀ ਬੰਗਾਲ ਤੇ ਉੜੀਸਾ ਦੇ ਕੁਝ ਹਿੱਸਿਆਂ ਵਿਚ ਵੀ ਇਸ ਦਾ ਅਸਰ ਹੈ। ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ-ਪੱਛਮ ਰਾਜਸਥਾਨ, ਪੂਰਬੀ ਯੂਪੀ, ਦਿੱਲੀ, ਬਿਹਾਰ ਤੇ ਉੜੀਸਾ ਵਿਚ ਅੱਜ ਸੰਘਣੀ ਧੁੰਦ ਪਈ। ਇਸ ਦੌਰਾਨ ਸਿਰਫ਼ 50 ਮੀਟਰ ਤੱਕ ਹੀ ਦੇਖਿਆ ਜਾ ਸਕਦਾ ਸੀ ਤੇ ਨਮੀ 100 ਪ੍ਰਤੀਸ਼ਤ ਸੀ। ਹਾਲਾਂਕਿ ਧੁੰਦ ਤੇ ਠੰਢ ਝੱਲ ਰਹੇ ਲੋਕਾਂ ਨੂੰ ਭਲਕ ਤੋਂ ਰਾਹਤ ਮਿਲਣ ਦੀ ਆਸ ਹੈ। ‘ਸਕਾਈਮੈੱਟ’ ਮੁਤਾਬਕ 4 ਫਰਵਰੀ ਤੱਕ ਪੱਛਮੀ ਗੜਬੜੀਆਂ ਦਾ ਦੌਰ ਹੈ। ਇਨ੍ਹਾਂ ਕਾਰਨ ਇਸ ਹਫਤੇ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਕੁਝ ਹਿੱਸਿਆਂ ਵਿਚ 5, 6 ਤੇ ਸੱਤ ਫਰਵਰੀ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ, ਹਾਲਾਂਕਿ ‘ਮਾੜਾ ਦੌਰ’ ਲੰਘ ਗਿਆ ਹੈ। ਮੌਸਮ ਮਾਹਿਰਾਂ ਮੁਤਾਬਕ ਵਰਤਮਾਨ ਸੰਘਣੀ ਧੁੰਦ ਦੀ ਪਰਤ (ਸੈਟੇਲਾਈਟ ਤਸਵੀਰਾਂ ਮੁਤਾਬਕ) ਪਾਕਿਸਤਾਨ ਤੋਂ ਲੈ ਕੇ ਭਾਰਤ ਅਤੇ ਬੰਗਲਾਦੇਸ਼ ਤੱਕ 35 ਤੋਂ ਵੱਧ ਦਿਨਾਂ ਤੱਕ ਦੇਖੀ ਗਈ ਹੈ। 2014 ਵਿਚ ਸ਼ੁਰੂ ਹੋਏ ਸੈਟੇਲਾਈਟ ਡੇਟਾ ਮੁਲਾਂਕਣ ਤੋਂ ਬਾਅਦ ਧੁੰਦ ਪੈਣ ਦਾ ਇਹ ਸਭ ਤੋਂ ਲੰਮਾ ਦੌਰ ਰਿਕਾਰਡ ਕੀਤਾ ਗਿਆ ਹੈ। ਧੁੰਦ ਦਾ ਦੌਰ 28 ਦਸੰਬਰ ਤੋਂ ਜਾਰੀ ਹੈ। ਇਸ ਦਾ ਮੁੱਖ ਕਾਰਨ ਕਮਜ਼ੋਰ ਪੱਛਮੀ ਗੜਬੜੀਆਂ ਹਨ ਜਿਸ ਕਾਰਨ ਨਮੀ ਤਾਂ ਵਧੀ ਪਰ ਮੀਂਹ ਜਾਂ ਬਰਫ ਨਹੀਂ ਪਈ। ਘੱਟ ਤਾਪਮਾਨ ਤੇ ਹਵਾ ਨਾ ਚੱਲਣ ਕਾਰਨ ਵੀ ਧੁੰਦ ਵੱਧ ਪਈ। ਇਸ ਤੋਂ ਪਹਿਲਾਂ 2019-20 ਵਿਚ ਤਿੰਨ ਹਫ਼ਤੇ ਲਗਾਤਾਰ ਧੁੰਦ ਦਰਜ ਕੀਤੀ ਗਈ ਸੀ।

Spread the love