ਮਾਨਸਾ, 23 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਥਾਣਾ ਝੁਨੀਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ-ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਝੁਨੀਰ ਜ਼ਿਲ੍ਹਾ ਮਾਨਸਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸਪੀਐਚ ਪ੍ਰਦੀਪ ਸਿੰਘ ਸੰਧੂ ਮਾਨਸਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਇਕਬਾਲ ਸਿੰਘ ਉਰਫ ਘੋੜਾ ਪੁੱਤਰ ਅਵਤਾਰ ਸਿੰਘ ਵਾਸੀ ਸਾਹਨੇਵਾਲੀ ਨੇ ਪੁਲਿਸ ਨੂੰ ਲੁੱਟ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਅਧਾਰ ‘ਤੇ ਕਾਰਵਾਈ ਕੀਤੀ ਗਈ ਹੈ।  ਐਸਪੀ ਪ੍ਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਮੁਤਾਬਕ 20 ਜੂਨ ਨੂੰ ਇਨ੍ਹਾਂ ਮੁਲਜ਼ਮਾਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਉਸ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਅਤੇ ਉਸ ਨੂੰ ਦੱਸਿਆ ਕਿ ਉਹ ਸੀਆਈਏ ਸਟਾਫ ਮਾਨਸਾ ਦੇ ਕਰਮਚਾਰੀ ਹਨ। ਜਦੋਂ ਉਸ ਕੋਲੋਂ ਤਲਾਸ਼ੀ ਦੇ ਦੌਰਾਨ ਕੁਝ ਵੀ ਨਾ ਨਿਕਲਿਆ, ਤਾਂ ਉਸ ਨੂੰ ਚਿੱਟੇ ਦਾ ਪਰਚਾ ਪਾਉਣ ਦੀਆਂ ਧਮਕੀਆਂ ਦੇਣ ਲੱਗੇ। ਉਸ ਤੋਂ 2500 ਮੌਕੇ ‘ਤੇ ਲੁੱਟ ਲਿਆ ਅਤੇ ਇਸ ਤੋਂ ਬਾਅਦ ਉਸ ਦੀ ਮਾਂ ਨੂੰ ਫੋਨ ਕਰਕੇ 20 ਹਜ਼ਾਰ ਰੁਪਏ ਮੰਗਵਾ ਲਏ। ਜਿਸ ਤੋਂ ਬਾਅਦ ਹੋਰ ਪੈਸਿਆਂ ਦੀ ਮੰਗ ਕਰਨ ਦੇ ਲਈ ਥਾਣਾ ਝੁਨੀਰ ਵਿਖੇ ਪਹੁੰਚਣ ਲਈ ਕਹਿ ਦਿੱਤਾ। ਪਰ, ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕਰਦੇ ਹੋਏ ਪੁਲਿਸ ਦੇ ਕੋਲ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ, ਇਨ੍ਹਾਂ ਨਕਲੀ ਚਾਰ ਪੁਲਿਸ ਵਾਲਿਆਂ ਨੂੰ ਦਬੋਚ ਲਿਆ।’ ਐਸਪੀ ਪ੍ਰਦੀਪ ਸਿੰਘ ਨੇ ਦੱਸਿਆ ਕਿ, ‘ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਡਰੱਗ, ਲੁੱਟ-ਖੋਹ, ਬੈਂਕ ਡਕੈਤੀ ਸਣੇ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ, ਇਹ ਕਦੋਂ ਤੋਂ ਲੋਕਾਂ ਦੀ ਲੁੱਟ ਖੋਹ ਕਰਨ ਦਾ ਕੰਮ ਕਰ ਰਹੇ ਸਨ? ਕੀ ਇਨ੍ਹਾਂ ਕੋਲ ਪੁਲਿਸ ਦੀ ਵਰਦੀ ਹੈ ਜਾਂ ਨਹੀਂ? ਇਸ ਸਬੰਧੀ ਪੁਲਿਸ ਵੱਲੋਂ ਰਿਮਾਂਡ ਲੈ ਕੇ ਪੁਛਗਿੱਛ ਕੀਤੀ ਜਾਵੇਗੀ।

Spread the love