ਚੰਡੀਗੜ੍ਹ, 14 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਫੈਸਲਾ ਸਣਾਉਂਦੇ ਹੋਏ ਕਿਹਾ ਕਿ ਪਤੀ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਦੀ ਕਾਨੂੰਨੀ ਜ਼ਿੰਮੇਵਾਰੀ ਤੋਂ ਇਸ ਲਈ ਮੁਕਤ ਨਹੀਂ ਹੋ ਸਕਦਾ ਕਿ ਉਹ ਵਿਦਿਆਰਥੀ ਹੈ ਜਾਂ ਆਰਥਿਕ ਤੌਰ ਉਤੇ ਕਮਜ਼ੋਰ ਹੈ। ਹਾਈਕੋਰਟ ਨੇ ਕਿਹਾ ਕਿ ਇਕ ਸਿਹਤਮੰਦ ਅਤੇ ਸਮਰੱਥ ਵਿਅਕਤੀ ਲਈ ਕਮਾਈ ਕਰਨਾ ਸੰਭਵ ਹੈ ਅਤੇ ਪਤਨੀ ਦਾ ਪਾਲਣ ਪੋਸ਼ਣ ਕਰਨਾ ਵੀ ਉਸਦੀ ਕਾਨੂੰਨੀ ਜ਼ਿੰਮੇਵਾਰੀ ਹੈ।

22 ਸਾਲਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਦੇ ਸਿੰਗਲ ਬੈਂਚ ਨੇ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਤੀ ਦੀ ਆਮਦਨ ਨਾ ਹੋਣ ਦੀ ਦਲੀਲ ਸਿਰਫ਼ ਇੱਕ ਬਹਾਨਾ ਹੈ, ਜਿਸ ਨੂੰ ਕਾਨੂੰਨ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਫਰੀਦਾਬਾਦ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਅਗਸਤ 2025 ਵਿੱਚ ਪਾਸ ਕੀਤੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਸ ਨੂੰ ਆਪਣੀ ਵੱਖ ਰਹਿ ਰਹੀ ਪਤਨੀ ਨੂੰ 2500 ਰੁਪਏ ਪ੍ਰਤੀ ਮਹੀਨਾ ਅੰਤਰਿਮ ਗੁਜ਼ਾਰਾ ਭੱਤਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਮਾਮਲੇ ਅਨੁਸਾਰ, ਦੋਵਾਂ ਦਾ ਵਿਆਹ ਜੂਨ 2020 ਵਿੱਚ ਹੋਇਆ ਸੀ, ਜਦੋਂ ਪਤੀ ਨਾਬਾਲਗ ਸੀ ਅਤੇ ਪਤਨੀ 25 ਸਾਲ ਦੀ ਸੀ।

ਬਾਅਦ ਵਿੱਚ ਪਤੀ ਨੇ ਸਾਲ 2023 ਵਿੱਚ ਵਿਆਹ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ, ਜਿਸ ਤੋਂ ਬਾਅਦ ਪਤਨੀ ਨੇ ਦੰਡ ਪ੍ਰਕਿਰਿਆ ਸੰਹਿਤਾ (CrPC) ਦੀ ਧਾਰਾ 125 ਤਹਿਤ ਗੁਜ਼ਾਰਾ ਭੱਤੇ ਦੀ ਮੰਗ ਕੀਤੀ। ਪਟੀਸ਼ਨਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਹ ਇੱਕ ਵਿਦਿਆਰਥੀ ਹੈ ਅਤੇ ਉਸਦੀ ਮਾਂ ਦੀ 3000 ਰੁਪਏ ਦੀ ਵਿਧਵਾ ਪੈਨਸ਼ਨ ‘ਤੇ ਹੀ ਪੂਰਾ ਪਰਿਵਾਰ ਨਿਰਭਰ ਹੈ। ਇਹ ਵੀ ਕਿਹਾ ਗਿਆ ਸੀ ਕਿ ਪਤਨੀ ਆਪਣੇ ਪੇਕੇ ਰਹਿ ਰਹੀ ਹੈ ਅਤੇ ਉਸ ਦੇ ਭਰਾ ਕਮਾਉਣ ਵਾਲੇ ਹਨ, ਇਸ ਲਈ ਉਸ ਨੂੰ ਗੁਜ਼ਾਰਾ ਭੱਤੇ ਦੀ ਲੋੜ ਨਹੀਂ ਹੈ। ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਗੁਜ਼ਾਰਾ ਭੱਤੇ ਦੀ ਵਿਵਸਥਾ ਪਤੀ ਨੂੰ ਸਜ਼ਾ ਦੇਣ ਲਈ ਨਹੀਂ, ਸਗੋਂ ਪਤਨੀ ਨੂੰ ਦਰ-ਦਰ ਦੀਆਂ ਠੋਕਰਾਂ ਅਤੇ ਆਰਥਿਕ ਤੰਗੀ ਤੋਂ ਬਚਾਉਣ ਲਈ ਬਣਾਈ ਗਈ ਹੈ।

ਅਦਾਲਤ ਨੇ ਕਿਹਾ ਕਿ ਇੱਕ ਦਿਹਾੜੀਦਾਰ ਮਜ਼ਦੂਰ ਵੀ ਆਸਾਨੀ ਨਾਲ 12-13 ਹਜ਼ਾਰ ਮਹੀਨਾ ਕਮਾ ਸਕਦਾ ਹੈ। ਗੁਜ਼ਾਰਾ ਭੱਤੇ ਦੀ ਰਾਸ਼ੀ ਬਾਰੇ ਵਿਚਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ 2500 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਵੀ ਪਤਨੀ ਦੀਆਂ ਬੁਨਿਆਦੀ ਲੋੜਾਂ ਲਈ ਮੁਸ਼ਕਿਲ ਨਾਲ ਕਾਫ਼ੀ ਹੈ। ਅਜਿਹੀ ਸਥਿਤੀ ਵਿੱਚ ਇਸ ਨੂੰ ਘਟਾਉਣ ਦਾ ਕੋਈ ਆਧਾਰ ਨਹੀਂ ਬਣਦਾ।

Spread the love