Breaking News
5 ਮਈ ਨੂੰ ਰਾਸ਼ਟਰਪਤੀ ਨੂੰ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਜਾਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ 5 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣਗੇ। ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 5 ਮਈ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਗਿਆ ਹੈ। 5 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਲਈ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਮੁਲਾਕਾਤ 5 ਮਈ ਨੂੰ ਦੁਪਹਿਰ 12 ਵਜੇ ਹੋਵੇਗੀ। ਉਨ੍ਹਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਦੇ ਰਾਜ ਸਭਾਂ ਦੇ ਮੈਂਬਰਾਂ ਨੂੰ ਵਾਪਸ ਬੁਲਾਉਣ (Recall) ਕਰਨ ਸਬੰਧੀ ਆਪਣਾ ਪੱਖ ਰੱਖਣਗੇ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਸੀ।

ਮਈ ਮਹੀਨੇ 13 ਦਿਨ ਬੰਦ ਰਹਿਣਗੇ ਬੈਂਕ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਉਣ ਵਾਲੇ ਮਈ ਮਹੀਨੇ ਵਿੱਚ ਜੇਕਰ ਤੁਹਾਨੂੰ ਕੋਈ ਬੈਂਕ ਵਿੱਚ ਕੰਮ ਹੈ ਤਾਂ ਛੇਤੀ ਹੀ ਨਿਬੇੜ ਲੈਣੇ ਚਾਹੀਦੇ ਹਨ, ਕਿਉਂਕਿ ਮਈ ਵਿੱਚ 13 ਦਿਨ ਬੈਂਕ ਬੰਦ ਰਹਿਣਗੇ। ਭਾਰਤੀ ਰਜਿਰਵ ਬੈਂਕ ਦੇ ਕੈਲੰਡਰ ਮੁਤਾਬਕ ਮਈ 2026 ਵਿੱਚ ਕੁਲ 13 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿੱਚ ਹਫਤਾਵਰੀ ਛੁੱਟੀਆਂ, ਤਿਉਂਹਾਰ ਵੀ ਸ਼ਾਮਲ ਹਨ। ਕੈਲੰਡਰ ਮੁਤਾਬਕ ਮਈ ਮਹੀਨੇ ਵਿੱਚ 1 ਮਈ ਨੂੰ ਪੂਰੇ ਦੇਸ਼ ਵਿੱਚ, 9 ਮਈ ਨੂੰ ਪੱਛਮੀ ਬੰਗਾਲ, 16 ਮਈ ਨੂੰ ਸਿਕਿਮ, 26 ਮਈ ਨੂੰ ਤ੍ਰਿਪੁਰਾ, 27 ਮਈ ਨੂੰ ਪੂਰੇ ਦੇਸ਼ ਵਿੱਚ, 28 ਮਈ ਨੂੰ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਜੰਮੂ ਕਸ਼ਮੀਰ, ਰਾਜਸਥਾਨ, ਗੋਆ ਅਤੇ ਬਿਹਾਰ ਵਿੱਚ ਛੁੱਟੀ ਹੋਵੇਗੀ। ਇਸ ਤੋਂ ਇਲਾਵਾ 3, 10, 17, 24 ਅਤੇ 31 ਮਈ ਨੂੰ ਐਤਵਾਰ, ਜਦੋਂ ਕਿ 9 ਅਤੇ 23 ਮਈ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ।

ਝੋਨੇ ਦੀ ਬਿਜਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ ਝੋਨੇ ਦੀ ਬਿਜ਼ਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਝੋਨੇ ਦੀ ਲਗਾਈ ਲਈ 4 ਜੋਨਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਜੋਨ ਵਿੱਚ ਸਿੱਧੀ ਲਗਾਈ 15 ਮਈ ਤੋਂ ਸ਼ੁਰੂ ਹੋਵੇਗੀ ਜੋ 31 ਮਈ ਤੱਕ ਚੱਲੇਗੀ। ਇਸ ਦੌਰਾਨ ਨਹਿਰੀ ਅਤੇ ਬਿਜਲੀ 8 ਘੰਟੇ ਲਈ ਮਿਲੇਗੀ। ਦੂਜੇ ਜ਼ੋਨ 1 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਸਾਹਿਬ, ਤਰਨਤਾਰਨ, ਰੂਪਨਗਰ, ਐਸ ਏ ਅਸ ਨਗਰ, ਹੁਸ਼ਿਆਰਪੁਰ ਸਾਹਿਬ ਵਿੱਚ ਹੋਵੇਗੀ। ਤੀਜੇ ਜ਼ੋਨ ਵਿੱਚ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ 9 ਜੂਨ ਤੋਂ ਆਖਰੀ 4 ਜ਼ੋਨ ਵਿੱਚ ਲੁਧਿਆਣਾ, ਮਾਲੇਰਕੋਟਲਾ, ਮਾਨਸਾ, ਸੰਗਰੂਰ, ਕਪੂਰਥਲਾ, ਮੋਗਾ, ਪਟਿਆਲਾ,  ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਝੋਨੇ ਦੀ ਬਿਜਾਈ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਝੋਨੇ ਦੀ ਲਗਾਈ ਲਈ 8 ਘੰਟੇ ਬਿਜਲੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਪੰਜਾਬ ਲਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਪੰਜਾਬ ਸਰਕਾਰ ਪਾਣੀ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਝੋਨੇ ਦੀ ਲਗਾਈ ਮੌਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਘੱਟ ਤੋਂ ਘੱਟ ਟਿਊਬਵੈਲਾਂ ਦਾ ਪਾਣੀ ਵਰਤਿਆ ਜਾਵੇ। ਵੱਧ ਤੋਂ ਵੱਧ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ।

ਸਰਹੱਦੀ ਇਲਾਕਿਆਂ ਵਿੱਚ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

ਚੰਡੀਗੜ੍ਹ, 29 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ ਸੀਮਿਤ ਨਹੀਂ ਰਹੀ, ਇਹ ਹੁਣ ਸੂਬੇ ਦੀਆਂ ਸਰਹੱਦਾਂ ਤੱਕ ਫੈਲ ਚੁੱਕੀ ਹੈ, ਜਿੱਥੇ ਇੱਕ ਸ਼ਾਂਤ ਪਰ ਕਾਫ਼ੀ ਰਣਨੀਤਿਕ ਜੰਗ ਲੜੀ ਜਾ ਰਹੀ ਹੈ।

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ‘ਸੁਰੱਖਿਆ ਦੀ ਦੂਜੀ ਕਤਾਰ’—ਇੱਕ ਡੂੰਘੀ, ਤਕਨੀਕ-ਅਧਾਰਿਤ ਸੁਰੱਖਿਆ ਵਿਵਸਥਾ, ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ ਜਿਸਦਾ ਉਦੇਸ਼ ਸਰਹੱਦ ਪਾਰ ਨਾਲ ਜੁੜੇ ਅਪਰਾਧਕ ਨੈਟਵਰਕਾਂ ਨੂੰ ਜੜ੍ਹੋਂ ਖ਼ਤਮ ਕਰਨਾ ਹੈ।

ਜਿੱਥੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਅੰਤਰਰਾਸ਼ਟਰੀ ਸਰਹੱਦ ਦੀ ਰੱਖਿਆ ਕੀਤੀ ਜਾਂਦੀ ਹੈ, ਉੱਥੇ ਪੰਜਾਬ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਜੇਕਰ ਕੋਈ ਤਸਕਰੀ ਵਾਲੀ ਸਮੱਗਰੀ ਸੂਬੇ ਵਿੱਚ ਆ ਵੀ ਜਾਵੇ, ਤਾਂ ਉਹ ਅੱਗੇ ਨਾ ਵਧ ਸਕੇ।

ਅੰਕੜੇ ਵੀ ਇਸ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਨੂੰ ਸਪੱਸ਼ਟ ਕਰਦੇ ਹਨ।

ਸਰਹੱਦੀ ਪੱਟੀ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੰਵੇਦਨਸ਼ੀਲ ਪਿੰਡਾਂ ਅਤੇ ਰਾਸਤਿਆਂ ‘ਤੇ ਨਿਗਰਾਨੀ ਦਾ ਇੱਕ ਮਜ਼ਬੂਤ ਜਾਲ ਵਿਛਾਇਆ ਗਿਆ ਹੈ। ਇਸ ਤੋਂ ਇਲਾਵਾ, ਸਰਹੱਦੀ ਜ਼ਿਲ੍ਹਿਆਂ ਦੇ 41 ਥਾਣਿਆਂ ਨੂੰ ਵੀ ਸੀਸੀਟੀਵੀ ਕਵਰੇਜ ਹੇਠ ਲਿਆਂਦਾ ਗਿਆ ਹੈ, ਜੋ ਨਿਗਰਾਨੀ ਅਤੇ ਤੁਰੰਤ ਕਾਰਵਾਈ ਲਈ ਲਾਮਬੰਦ ਕੀਤੇ ਗਏ ਹਨ।

ਪਰ ਇਹ ਸਿਰਫ਼ ਨਿਗਰਾਨੀ ਵਧਾਉਣ ਬਾਰੇ ਨਹੀਂ, ਸਗੋਂ ਇਸਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਰਣਨੀਤੀ ਹੈ।

ਜ਼ਮੀਨੀ ਪੱਧਰ ‘ਤੇ ਹੁਣ ਹੋਰ ਸਖ਼ਤ ਅਤੇ ਗੈਰ ਅਨੁਮਾਨਿਤ ਢੰਗ ਨਾਲ ਰੀਅਲ-ਟਾਈਮ ਖੁਫ਼ੀਆ ਜਾਣਕਾਰੀ ‘ਤੇ ਆਧਾਰਿਤ ਨਾਕੇ ਲਗਾਏ ਜਾ ਰਹੇ ਹਨ। ਵਾਹਨਾਂ ਦੀ ਜਾਂਚ ਹੁਣ ਰੁਟੀਨ ਨਹੀਂ ਰਹੀ, ਸਗੋਂ ਟੀਚਾਗਤ ਅਤੇ ਸੂਚਨਾ ਆਧਾਰਿਤ ਹੋ ਗਈ ਹੈ। ਖ਼ਾਸ ਕਰਕੇ ਉਹਨਾਂ ਜ਼ਿਲ੍ਹਿਆਂ ਵਿੱਚ ਐਂਟੀ-ਡਰੋਨ ਨਿਗਰਾਨੀ ਤੇਜ਼ ਕੀਤੀ ਗਈ ਹੈ, ਜਿੱਥੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ।

ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੈਲ ਕਾਸਿਮ ਮੀਰ ਨੇ ਕਿਹਾ, “ਸੁਰੱਖਿਆ ਦੀ ਦੂਜੀ ਕਤਾਰ ਉਹ ਜਗ੍ਹਾ ਹੈ ਜਿੱਥੇ ਅਪਰਾਧਕ ਲੜੀ ਨੂੰ ਤੋੜਿਆ ਜਾਂਦਾ ਹੈ। ਜਿੱਥੇ ਪਹਿਲੀ ਕਤਾਰ ਸਰਹੱਦ ਨੂੰ ਸੀਲ ਕਰਦੀ ਹੈ ਅਤੇ ਉੱਥੇ ਹੀ ਸੁਰੱਖਿਆ ਦੀ ਦੂਜੀ ਕਤਾਰ ਸਾਡੇ ਖੇਤਰ ਵਿੱਚ ਕਿਸੇ ਵੀ ਉਲੰਘਣਾ ਨੂੰ ਤੁਰੰਤ ਰੋਕ ਦਿੰਦੀ ਹੈ। ਸਾਡੇ ਨਾਕੇ ਹੁਣ ਸਧਾਰਣ ਚੈਕ-ਪੋਸਟ ਨਹੀਂ ਰਹੇ, ਇਹ ਖੁਫ਼ੀਆ ਜਾਣਕਾਰੀ ਦੇ ਅਧਾਰ ‘ਤੇ ਲਗਾਏ ਜਾਂਦੇ ਹਨ ਅਤੇ ਮੁਕੰਮਲ ਤਸਦੀਕ ਕੀਤੀ ਜਾਣਕਾਰੀ ਦੇ ਆਧਾਰ ‘ਤੇ ਸਥਾਪਿਤ ਕੀਤੇ ਜਾਂਦੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਪਿੰਡ ਪੱਧਰ ਦੀਆਂ ਰੱਖਿਆ ਕਮੇਟੀਆਂ ਅਤੇ ਸਥਾਨਕ ਨੈੱਟਵਰਕ ਸੁਰੱਖਿਆ ਢਾਂਚੇ ਦਾ ਹਿੱਸਾ ਬਣ ਚੁੱਕੇ ਹਨ, ਜਿਸ ਨਾਲ ਜ਼ਮੀਨੀ ਗਤੀਵਿਧੀਆਂ ‘ਤੇ ਨਿਗਰਾਨੀ ਬਣੀ ਰਹਿੰਦੀ ਹੈ। ਅਸੀਂ ਨਿਰੰਤਰ ਢਾਂਚਾ, ਨਿਗਰਾਨੀ ਪ੍ਰਣਾਲੀ, ਲਾਮਬੰਦੀ ਅਤੇ ਤੁਰੰਤ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ਕਰ ਰਹੇ ਹਾਂ, ਤਾਂ ਜੋ ਇਹ ਕਤਾਰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਤੁਰੰਤ ਖ਼ਤਮ ਕਰਨ ਵਿੱਚ ਮਦਦ ਕਰੇ।”

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੂਜੀ ਕਤਾਰ ਦੀ ਮਜ਼ਬੂਤੀ ਸੂਬੇ ਦੀ ਐਂਟੀ-ਗੈਂਗਸਟਰ ਰਣਨੀਤੀ ਦਾ ਕੇਂਦਰ ਹੈ। ਉਹਨਾਂ ਨੇ ਕਿਹਾ, “ਅਸੀਂ ਪੁਲਿਸਿੰਗ ਵਿੱਚ ਡੂੰਘਾਈ ਲਿਆ ਰਹੇ ਹਾਂ। ਸਾਡਾ ਧਿਆਨ ਪੂਰੇ ਨੈਟਵਰਕ—ਸਰਹੱਦ ਪਾਰੋਂ ਸਪਲਾਈ ਤੋਂ ਲੈ ਕੇ ਆਖਰੀ ਪੜਾਅ ਦੀ ਡਿਲੀਵਰੀ ਤੱਕ — ਨੂੰ ਤੋੜਨ ‘ਤੇ ਕੇਂਦਰਿਤ ਹੈ। ਸੁਰੱਖਿਆ ਦੀ ਦੂਜੀ ਕਤਾਰ ਇਹ ਯਕੀਨੀ ਬਣਾਉਂਦੀ ਹੈ ਕਿ ਜੇ ਕੋਈ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਤਾਂ ਉਹ ਸ਼ੁਰੂਆਤੀ ਪੜਾਅ ‘ਤੇ ਹੀ ਪਤਾ ਲੱਗ ਜਾਵੇ ਅਤੇ ਇਸ ਨੂੰ ਤੁਰੰਤ ਨਾਕਾਮ ਕੀਤਾ ਜਾਵੇ।”

ਪੰਜਾਬ ਦੀ ਪੁਲਿਸਿੰਗ ਪ੍ਰਣਾਲੀ ‘ਤੇ ਨਜ਼ਰ ਰੱਖਣ ਵਾਲਿਆਂ ਲਈ ਇਹ ਇੱਕ ਸਪੱਸ਼ਟ ਬਦਲਾਅ ਦੀ ਨਿਸ਼ਾਨੀ ਹੈ। ਇਹ ਬਦਲਾਅ ਦਰਸਾਉਂਦਾ ਹੈ ਕਿ ਹੁਣ ਅਪਰਾਧ ਹੋਣ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ, ਉਸ ਨੂੰ ਪਹਿਲਾਂ ਹੀ ਰੋਕਣ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਨਸ਼ੀਲੇ ਪਦਾਰਥ ਅਤੇ ਹਥਿਆਰ ਸੁੱਟਣ ਵਾਲੇ ਹਰ ਇੱਕ ਡਰੋਨ ਨੂੰ ਰੋਕਣਾ, ਹਰ ਸ਼ੱਕੀ ਵਾਹਨ ਦੀ ਪਛਾਣ ਅਤੇ ਸੀਸੀਟੀਵੀ ਰਾਹੀਂ ਹਰ ਗਤੀਵਿਧੀ ਦੀ ਨਿਗਰਾਨੀ ਉਸ ਪੂਰੇ ਨੈਟਵਰਕ ਨੂੰ ਕਮਜ਼ੋਰ ਕਰਦੀ ਹੈ ਜੋ ਗੈਂਗਸਟਰਾਂ ਦੀ ਸਹਾਇਤਾ ਕਰਦਾ ਹੈ ਜੋ ਅਕਸਰ ਵਿਦੇਸ਼ਾਂ ਤੋਂ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।

ਇਸ ਪਹਿਲਕਦਮੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਸਰਹੱਦੀ ਪਿੰਡ ਹੁਣ ਕਮਜ਼ੋਰ ਕੜੀ ਨਹੀਂ ਰਹੇ, ਸਗੋਂ ਪੁਲਿਸਿੰਗ ਦੇ ਸਾਥੀ ਬਣ ਰਹੇ ਹਨ। ਸਥਾਨਕ ਖੁਫ਼ੀਆ ਜਾਣਕਾਰੀ ਨੂੰ ਹੌਲੀ-ਹੌਲੀ ਪੁਲਿਸ ਪ੍ਰਣਾਲੀ ਵਿੱਚ ਜੋੜਿਆ ਜਾ ਰਿਹਾ ਹੈ। ਪਿੰਡ ਪੱਧਰੀ ਨਿਗਰਾਨੀ ਅਤੇ ਭਾਈਚਾਰਕ ਨੈੱਟਵਰਕ ਹੁਣ ਅਹਿਮ ਜਾਣਕਾਰੀ ਦੇ ਰਹੇ ਹਨ, ਜਿਸ ਨਾਲ ਸੁਰੱਖਿਆ ਦੀ ਦੂਜੀ ਕਤਾਰ ਹੋਰ ਮਜ਼ਬੂਤ ਹੋ ਰਹੀ ਹੈ।

ਇਹ ਰਣਨੀਤੀ ਪੜਾਅਦਾਰ, ਸੋਚੀ-ਸਮਝੀ ਅਤੇ ਬੇਹੱਦ ਪ੍ਰਭਾਵਸ਼ਾਲੀ ਹੈ। ਪਹਿਲਾਂ ਸਵਾਲ ਹੁੰਦਾ ਸੀ ਕਿ ਗੋਲੀ ਕਿਸਨੇ ਚਲਾਈ, ਪਰ ਹੁਣ ਸਵਾਲ ਹੈ—ਹਥਿਆਰ ਉੱਥੇ ਤੱਕ ਪਹੁੰਚਿਆ ਕਿਵੇਂ?

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਵਿੱਚ ਤੇਜ਼ੀ ਆਉਣ ਨਾਲ, ਪੰਜਾਬ ਦੀ ਸੁਰੱਖਿਆ ਦੀ ਦੂਜੀ ਕਤਾਰ—ਇੱਕ ਗੁਪਤ ਦੀਵਾਰ, ਜੋ ਨਾ ਸਿਰਫ਼ ਖ਼ਤਰੇ ਨੂੰ ਰੋਕਦੀ ਹੈ, ਸਗੋਂ ਉਨ੍ਹਾਂ ਦੇ ਪਿੱਛੇ ਦੇ ਨੈੱਟਵਰਕ ਨੂੰ ਵੀ ਖ਼ਤਮ ਕਰ ਦਿੰਦੀ ਹੈ—ਹੁਣ ਇੱਕ ਅਹਿਮ ਮੋਰਚਾ ਬਣ ਕੇ ਉਭਰ ਰਹੀ ਹੈ।

ਗੁਜਰਾਤ ਦੀਆਂ ਸਥਾਨਕ ਚੋਣਾਂ ਵਿੱਚ ‘ਆਪ’ ਦੀ ਜਿੱਤ ਉਤੇ ਮੁੱਖ ਮੰਤਰੀ ਨੇ ਦਿੱਤੀ ਵਧਾਈ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗੁਜਰਾਤ ਦੀਆਂ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ‘ਗੁਜਰਾਤ ਦੀਆਂ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਸਾਰੇ ਜੇਤੂ ਉਮੀਦਵਾਰਾਂ ਨੂੰ ਦਿਲੋਂ ਵਧਾਈਆਂ। ਹਜ਼ਾਰਾਂ ਮੁਸ਼ਕਲਾਂ ਅਤੇ ਭਾਜਪਾ ਦੀ ਧੱਕੇਸ਼ਾਹੀ ਦੇ ਬਾਵਜੂਦ, ਸਾਡੇ ਵਲੰਟੀਅਰਾਂ ਨੇ ਆਪਣੇ ਹੌਸਲੇ ਨਾਲ ਨਵਾਂ ਇਤਿਹਾਸ ਸਿਰਜਿਆ ਹੈ।

ਲੋਕਾਂ ਨੇ ਇੱਕ ਵਾਰ ਫਿਰ ‘ਆਪ’ ਦੀ ਇਮਾਨਦਾਰ ਰਾਜਨੀਤੀ ‘ਤੇ ਮੋਹਰ ਲਗਾਈ ਹੈ। ਇਹ ਸਾਬਤ ਹੋ ਗਿਆ ਹੈ ਕਿ ਪੂਰੇ ਦੇਸ਼ ‘ਚ ਜੇਕਰ ਕੋਈ ਭਾਜਪਾ ਨੂੰ ਹਰਾਉਣ ਦਾ ਦਮ ਰੱਖਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ‘ਆਪ’ ਦਾ ਝੰਡਾ ਪੂਰੇ ਗੁਜਰਾਤ ਵਿੱਚ ਲਹਿਰਾਏਗਾ। ਪਾਰਟੀ ਦੇ ਸਮੁੱਚੇ ਸੰਗਠਨ ਅਤੇ ਮਿਹਨਤੀ ਵਰਕਰਾਂ ਨੂੰ ਇਸ ਇਤਿਹਾਸਕ ਸਫ਼ਲਤਾ ਦੀਆਂ ਲੱਖ-ਲੱਖ ਵਧਾਈਆਂ।

ਮਿਲਕਫੈੱਡ ਪੰਜਾਬ ਵੱਲੋਂ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ


ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਅਤੇ ਮਿਲਕਫੈੱਡ ਪੰਜਾਬ ਵੱਲੋਂ  ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਮਿਲਕਫੈੱਡ ਪੰਜਾਬ (ਬ੍ਰਾਂਡ ਵੇਰਕਾ) ਨਾਲ ਜੁੜੇ ਕਿਸਾਨਾਂ ਲਈ ਦੁੱਧ ਦੀ ਖਰੀਦ ਕੀਮਤ ਵਿੱਚ 01.05.2026 ਤੋਂ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਨਾਲ ਦੁੱਧ ਦੀ ਖਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ ਦਾ ਵਾਧਾ ਹੋਵੇਗਾ। ਇਸ ਫੈਸਲੇ ਦਾ ਉਦੇਸ਼ ਡੇਅਰੀ ਕਿਸਾਨਾਂ ਲਈ ਬਿਹਤਰ ਆਮਦਨ ਯਕੀਨੀ ਬਣਾਉਣਾ, ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨਾ ਅਤੇ ਸੂਬੇ ਵਿੱਚ ਸਹਿਕਾਰੀ ਡੇਅਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮਿਲਕਫੈੱਡ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਮਿਲਕਫੈੱਡ ਵੱਲੋਂ ਇਹ ਕਦਮ ਕਿਸਾਨਾਂ ਅਤੇ ਡੇਅਰੀ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਲਈ ਚੁੱਕਿਆ ਗਿਆ ਹੈ ਜੋ ਪੰਜਾਬ ਦੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 2.5 ਲੱਖ ਡੇਅਰੀ ਕਿਸਾਨ ਜੋ ਮਿਲਕਫੈੱਡ ਪਰਿਵਾਰ ਦਾ ਹਿੱਸਾ ਹਨ, ਨੂੰ ਤੁਰੰਤ ਵਧਾਈ ਗਈ ਕੀਮਤ ਦਾ ਲਾਭ ਮਿਲੇਗਾ। ਇਸ ਵਾਧੇ ਨਾਲ ਡੇਅਰੀ ਫਾਰਮਿੰਗ ਦੀ ਆਮਦਨ ਵਿੱਚ ਸੁਧਾਰ ਹੋਵੇਗਾ ਜਿਸ ਨਾਲ ਪੰਜਾਬ ਦੇ ਲਗਭਗ 30 ਲੱਖ ਦੁੱਧ ਉਤਪਾਦਕਾਂ ਨੂੰ ਲਾਭ ਹੋਵੇਗਾ ਕਿਉਂਕਿ ਕਿਸਾਨਾਂ ਤੋਂ ਦੁੱਧ ਖ਼ਰੀਦਣ ਵਾਲੀਆਂ ਹੋਰ ਸਾਰੀਆਂ ਕੰਪਨੀਆਂ ਅਤੇ ਸੰਸਥਾਵਾਂ ਨੂੰ ਵੀ ਆਪਣੀਆਂ ਖਰੀਦ ਕੀਮਤਾਂ ਵਿੱਚ ਵਾਧਾ ਕਰਨਾ ਪਵੇਗਾ ਤਾਂ ਜੋ ਇਹ ਕੀਮਤਾਂ ਮਿਲਕਫੈੱਡ ਦੇ ਬਰਾਬਰ ਹੋ ਸਕਣ। ਮਿਲਕਫੈੱਡ ਪੰਜਾਬ ਉੱਤਰੀ ਭਾਰਤ ਦਾ ਮੋਹਰੀ ਦੁੱਧ ਸਹਿਕਾਰੀ ਸੰਸਥਾ ਹੈ ਜੋ ਜਿਆਦਾਤਰ ਪੈਕ ਕੀਤੇ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਸਰਗਰਮ ਹੈ। ਦੇਸ਼ ਦੇ ਇਸ ਖੇਤਰ ਦੇ ਉਦਯੋਗ ਵਿੱਚ ਮੋਹਰੀ ਹੋਣ ਦੇ ਨਾਤੇ, ਮਿਲਕਫੈੱਡ ਵੱਲੋਂ ਦੁੱਧ ਖਰੀਦ ਕੀਮਤਾਂ ਵਿੱਚ ਵਾਧੇ ਦਾ ਵਿਆਪਕ ਪ੍ਰਭਾਵ ਪਵੇਗਾ ਅਤੇ ਪੰਜਾਬ ਦੀ ਪੇਂਡੂ ਆਰਥਿਕਤਾ ਵਿੱਚ ਪ੍ਰਤੀ ਮਹੀਨਾ 100 ਕਰੋੜ ਰੁਪਏ ਦਾ ਵਾਧੂ ਲਾਭ ਹੋਵੇਗਾ।

ਸ਼ੰਭੂ ਰੇਲਵੇ ਧਮਾਕੇ ਵਾਲੀ ਥਾਂ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਮੰਤਰੀ

ਸ਼ੰਭੂ (ਪਟਿਆਲਾ), 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਬੀਤੇ ਦਿਨੀਂ ਸੰਭੂ ਰੇਲਵੇ ਟਰੈਕ ਉਤੇ ਹੋਏ ਬੰਬ ਧਮਾਕੇ ਵਾਲੀ ਥਾਂ ਉਤੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ। ਇਸ ਮੌਕੇ ਉਨ੍ਹਾਂ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ। ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕ ਪਾਕਿਸਤਾਨ ਦੀ ਏਜੰਸੀ ਆਈਐਸਆਈ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਛੋਟੀ ਘਟਨਾ ਕਹਿਣਾ ਬਹੁਤ ਗਲਤ ਹੈ, ਕੀ ਇਸ ਤੋਂ ਹੋਰ ਵੱਡਾ ਕਰਾਉਣਾ ਹੈ, ਇਹ ਬਹੁਤ ਸਰੀਅਸ ਹੈ। ਉਨ੍ਹਾਂ ਕਿਹਾ ਕਿ ਸਾਡੀਆ ਸੁਰੱਖਿਆ ਪੁਲਿਸ ਤੇ ਪੰਜਾਬ ਪੁਲਿਸ ਇਸ ਨਾਲ ਜੰਗ ਲੜ ਰਹੀਆਂ ਹਨ। ਨੈਸ਼ਨਲ ਹਾਈਵੇ ਨੇੜੇ ਹੋਣ ਕਾਰਨ ਉਹ ਨੈਸ਼ਨਲ ਹਾਈਵੇ ਤੋਂ ਉਤਰ ਕੇ ਇੱਥੇ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਗੈਂਗਸਟਰ ਅੱਜ ਖਾਲਿਸਤਾਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਲਈ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ, ਰੇਲਵੇ ਟਰੈਕ ਉਤੇ 24 ਘੰਟੇ ਚੈਕਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਲੱਗ ਰਹੇ ਹਨ, ਡਰੋਨ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲਿੰਗ ਵੀ ਵਧਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕਰਨ।

ਸਰਕਾਰੀ ਨੌਕਰੀਆਂ : ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਵਾਲੀਆਂ ਅਸਾਮੀਆਂ ਲਈ ਮੰਗੀਆਂ ਅਰਜ਼ੀਆਂ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਖਾਸ ਖਬਰ ਹੈ ਕਿ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਵਾਲੀਆਂ ਅਸਾਮੀਆਂ ਨਿਕਲੀਆਂ ਹਨ। ਭਾਰਤੀ ਰਜਿਰਵ ਬੈਂਕ ਵੱਲੋਂ ਅਫਸਰਾਂ ਦੀਆਂ ਨੌਕਰੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਅੱਜ ਤੋਂ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ, ਆਖਰੀ ਮਿਤੀ 20 ਮਈ 2026 ਹੈ।

ਅਸਾਮੀਆਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ

ਸਰਕਾਰੀ ਏਜੰਸੀਆਂ ਵੱਲੋਂ ਕੀਤੀ ਕਣਕ ਦੀ ਖਰੀਦ ਦਾ ਅੰਕੜਾ ਮਹਿਜ਼ ਦੋ ਹਫ਼ਤਿਆਂ ‘ਚ 100 ਲੱਖ ਮੀਟਰਿਕ ਟਨ ਤੋਂ ਹੋਇਆ ਪਾਰ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵੱਡਾ ਮੀਲ ਪੱਥਰ ਸਥਾਪਿਤ ਕਰਦਿਆਂ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਕਣਕ ਦੀ ਖਰੀਦ ਮਹਿਜ਼ ਦੋ ਹਫ਼ਤਿਆਂ ਵਿੱਚ ਅੱਜ 100 ਲੱਖ ਮੀਟਰਿਕ ਟਨ (ਐਲਐਮਟੀ) ਨੂੰ ਪਾਰ ਕਰ ਗਈ ਹੈ। ਕਣਕ ਦੀ ਆਮਦ ਨੇ 14 ਅਪ੍ਰੈਲ ਤੋਂ ਰਫ਼ਤਾਰ ਫੜੀ ਸੀ ਅਤੇ ਹੁਣ ਤੱਕ, ਭਾਵ 2 ਹਫ਼ਤਿਆਂ ਦੌਰਾਨ, ਸਰਕਾਰੀ ਏਜੰਸੀਆਂ ਵੱਲੋਂ ਪਹਿਲਾਂ ਹੀ 103.4 ਲੱਖ ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।

ਹੁਣ ਤੱਕ ਕੁੱਲ 107.26 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ 104.29 ਲੱਖ ਮੀਟਰਿਕ ਟਨ ਕਣਕ ਦੀ ਖਰੀਦੀ ਕੀਤੀ ਜਾ ਚੁੱਕੀ ਹੈ।

ਖਰੀਦੀ ਗਈ ਕਣਕ ਵਿੱਚੋਂ, ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 103.4 ਲੱਖ ਮੀਟਰਕ ਟਨ ਕਣਕ ਜਦੋਂ ਕਿ ਵਪਾਰੀਆਂ ਵੱਲੋਂ 90434 ਮੀਟਰਕ ਟਨ ਕਣਕ ਖਰੀਦੀ ਗਈ ਹੈ।

ਜ਼ਿਕਰਯੋਗ ਹੈ ਕਿ ਵਿਭਾਗ ਨੇ ਇਹ ਰਿਕਾਰਡ ਤੋੜ ਮੀਲ ਪੱਥਰ ਸਿਰਫ਼ ਦੋ ਹਫ਼ਤਿਆਂ ਦੇ ਸਮੇਂ ਵਿੱਚ ਹਾਸਿਲ ਕੀਤਾ ਗਿਆ ਹੈ।

ਸਰਕਾਰੀ ਏਜੰਸੀਆਂ ਵਿੱਚੋਂ, ਪਨਸਪ ਵੱਲੋਂ 23.99 ਲੱਖ ਮੀਟਰਕ ਟਨ, ਮਾਰਕਫੈੱਡ ਵੱਲੋਂ 26.98 ਲੱਖ ਮੀਟਰਕ ਟਨ, ਪਨਗ੍ਰੇਨ (ਡੀਸੀਪੀ) ਵੱਲੋਂ 7.55 ਲੱਖ ਮੀਟਰਕ ਟਨ, ਐਫਸੀਆਈ ਵੱਲੋਂ 2 ਲੱਖ ਮੀਟਰਕ ਟਨ, ਪਨਗ੍ਰੇਨ (ਨਾਨ ਡੀਸੀਪੀ) ਵੱਲੋਂ 25.95 ਲੱਖ ਮੀਟਰਕ ਟਨ ਅਤੇ ਪੀਐਸਡਬਲਯੂਸੀ ਵੱਲੋਂ 16.90 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਹੈ।

ਇਸ ਸਬੰਧੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਭਾਈਚਾਰੇ ਵੱਲੋਂ ਖੂਨ-ਪਸੀਨੇ ਨਾਲ ਪੈਦਾ ਕੀਤੇ ਗਏ ਅਨਾਜ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਸੂਬੇ ਭਰ ਦੀਆਂ ਮੰਡੀਆਂ ਦਾ ਨਿੱਜੀ ਤੌਰ ‘ਤੇ ਦੌਰਾ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਨੇ ਮੁਕੰਮਲ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਸਾਰੇ ਭਾਈਵਾਲਾਂ ਜਿਵੇਂ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਕਰਨ ਤੋਂ ਇਲਾਵਾ ਉਨ੍ਹਾਂ ਦੇ ਸੁਝਾਅ ਲੈਣ ਲਈ ਉਨ੍ਹਾਂ ਨਾਲ ਵੀ ਗੱਲਬਾਤ ਵੀ ਕੀਤੀ ਹੈ।

ਭੁਗਤਾਨ ਦੇ ਸਬੰਧ ਵਿੱਚ, ਹੁਣ ਤੱਕ 24000 ਕਰੋੜ ਰੁਪਏ ਤੋਂ ਵੱਧ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚੋਂ 22000 ਕਰੋੜ ਰੁਪਏ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ ਭੁਗਤਾਨ ਪ੍ਰਕਿਰਿਆ ਅਧੀਨ ਹੈ ਅਤੇ ਖਰੀਦ ਦੇ 48 ਘੰਟਿਆਂ ਵਿੱਚ ਹੀ 101 ਫੀਸਦੀ ਭੁਗਤਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖਰੀਦ ਸੀਜ਼ਨ ਨੂੰ ਸਫਲ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ, 1897 ਖਰੀਦ ਕੇਂਦਰਾਂ ਅਤੇ ਲਗਭਗ 986 ਅਸਥਾਈ ਯਾਰਡਾਂ ਨੂੰ ਕਾਰਜਸ਼ੀਲ ਕਰਨ ਵਰਗੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪੰਜਾਬ ਸਰਕਾਰ ਕਿਰਤੀ ਵਰਗ ਦੇ ਸਨਮਾਨ ਵਿੱਚ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਏਗੀ: CM ਭਗਵੰਤ ਮਾਨ

ਚੰਡੀਗੜ੍ਹ, 28 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਸੂਬੇ ਦੇ ਕਿਰਤੀ ਵਰਗ ਦੇ ਸਤਿਕਾਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਇਕ ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਕੈਬਨਿਟ ਵੱਲੋਂ ਲਏ ਗਏ ਮਹੱਤਵਪੂਰਨ ਫੈਸਲੇ ਵਿੱਚ ਇਕ ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਇੱਕ ਰੋਜ਼ਾ ਸੈਸ਼ਨ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਮਿਹਨਤਕਸ਼ ਕਿਰਤੀਆਂ ਅਤੇ ਕਾਰੀਗਰਾਂ ਨੂੰ ਸਮਰਪਿਤ ਹੋਵੇਗਾ।”
ਉਨ੍ਹਾਂ ਅੱਗੇ ਲਿਖਿਆ, “ਇਸ ਇਤਿਹਾਸਕ ਪਹਿਲਕਦਮੀ ਦੇ ਹਿੱਸੇ ਵਜੋਂ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸਦਨ ਵਿੱਚ ਸੱਦਾ ਦਿੱਤਾ ਜਾਵੇਗਾ। ਇਸ ਸੈਸ਼ਨ ਵਿੱਚ ਮਜ਼ਦੂਰ ਵਰਗ ‘ਤੇ ਮਨਰੇਗਾ ਸਕੀਮ ਵਿੱਚ ਤਬਦੀਲੀਆਂ ਦੇ ਪ੍ਰਭਾਵ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੁਣੌਤੀਆਂ ‘ਤੇ ਗੰਭੀਰ ਚਰਚਾ ਵੀ ਹੋਵੇਗੀ।”
ਉਨ੍ਹਾਂ ਅੱਗੇ ਕਿਹਾ, “ਸੈਸ਼ਨ ਦੌਰਾਨ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੁਆਰਾ ਨਿਰਧਾਰਤ ਹੋਰ ਜ਼ਰੂਰੀ ਵਿਧਾਨਕ ਕੰਮਕਾਜ ਸਥਾਪਤ ਪ੍ਰਕਿਰਿਆਵਾਂ ਦੇ ਅਨੁਸਾਰ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਵਿਕਾਸ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਹੀ ਜ਼ਰੂਰੀ ਮਹੱਤਵਪੂਰਨ ਫੈਸਲੇ ਲਏ ਜਾਣ।”
ਅੱਜ ਇਸ ਦਾ ਖੁਲਾਸਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇੱਕ ਰੋਜ਼ਾ ਸੈਸ਼ਨ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਕਿਰਤੀ ਵਰਗ ਦੇ ਅਥਾਹ ਯੋਗਦਾਨ ਨੂੰ ਯਾਦ ਕਰੇਗਾ। ਉਨ੍ਹਾਂ ਅੱਗੇ ਕਿਹਾ,”ਇਹ ਵੀ ਫੈਸਲਾ ਕੀਤਾ ਗਿਆ ਕਿ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵੀ ਸਦਨ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸੈਸ਼ਨ ਵਿੱਚ ਸੱਦਾ ਦਿੱਤਾ ਜਾਵੇਗਾ। ਸੈਸ਼ਨ ਵਿੱਚ ਮਨਰੇਗਾ ਸਕੀਮ ਨੂੰ ਬਦਲ ਕੇ ਜੀ-ਰਾਮ-ਜੀ ਸਕੀਮ ਲਾਗੂ ਕਰਨ ਨਾਲ ਮਜ਼ਦੂਰ ਵਰਗ ‘ਤੇ ਪਏ ਨਾਕਾਰਤਮਕ ਪ੍ਰਭਾਵਾਂ ‘ਤੇ ਵੀ ਚਰਚਾ ਕੀਤੀ ਜਾਵੇਗੀ।”  
ਇਸ ਤੋਂ ਇਲਾਵਾ ਸੈਸ਼ਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਕਾਸ ਦੇ ਮੱਦੇਨਜ਼ਰ ਮਜ਼ਦੂਰ ਵਰਗ ਨੂੰ ਦਰਪੇਸ਼ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਮਿਆਰੀ ਪ੍ਰਕਿਰਿਆ ਅਨੁਸਾਰ ਵਿਧਾਨਕ ਕੰਮਾਂ ਨੂੰ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੁਆਰਾ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਵਿਸ਼ੇਸ਼ ਸੈਸ਼ਨ ਮਜ਼ਦੂਰ ਵਰਗ ਦੇ ਉਨ੍ਹਾਂ ਲੱਖਾਂ ਲੋਕਾਂ ਨੂੰ ਸਮਰਪਿਤ ਹੋਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਸਫਲ ਅਤੇ ਮਜ਼ਬੂਤ ਲੋਕਤੰਤਰ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।

Category : ਦੇਸ਼