Breaking News
ਬੇਅਦਬੀ ਖਿਲਾਫ਼ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਬੇਅਦਬੀ ਰੋਕਣ ਲਈ ਬਣਾਏ ਗਏ ਕਾਨੂੰਨ ‘ਚ ਸੋਧ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਣ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਮਿਲੇਗੀ। ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ, 25 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਨਵੇਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਾਰੀ ਕੀਤੇ ਹਨ।

ਹਿਮਾਚਲ ’ਚ 6 ਮਹੀਨੇ ਲਈ ਮੁੱਖ ਮੰਤਰੀ ਦੀ 50 ਤੇ ਬਾਕੀ ਮੰਤਰੀਆਂ ਅਤੇ ਅਧਿਕਾਰੀਆਂ ਦੀ 30 ਫੀਸਦੀ ਰੋਕੀ ਤਨਖਾਹ

ਸ਼ਿਮਲਾ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਿਮਾਚਲ ਪ੍ਰਦੇਸ਼ ਵਿੱਚ ਵਿੱਤੀ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਤੀ ਸੰਕਟ ਦੇ ਚਲਦਿਆਂ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ ਹੈ। ਸੁਖਵਿੰਦਰ ਸਿੰਘ ਸੁਖੂ ਦੀ ਅਗਵਾਈ ਵਾਲੀ ਸਰਕਾਰ ਨੇ ਸੀਨੀਅਰ ਅਧਿਕਾਰੀਆਂ, ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਦਾ ਇੱਕ ਹਿੱਸਾ ਅਗਲੇ ਛੇ ਮਹੀਨਿਆਂ ਲਈ ਅਸਥਾਈ ਰੂਪ ਵਿੱਚ ਸਥਾਪਤ (ਡੇਫਰ) ਕਰਨ ਦਾ ਫੈਸਲਾ ਕੀਤਾ ਹੈ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਅਤੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੀ ਤਨਖਾਹ ਦਾ 30 ਫੀਸਦੀ ਹਿੱਸਾ ਰੋਕਿਆ ਜਾਵੇਗਾ, ਜਦੋਂ ਕਿ ਸਕੱਤਰ, ਵਿਭਾਗ ਮੁੱਖੀ, ਆਈਜੀ, ਡੀਆਈਜੀ, ਐਸਪੀ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਤਨਖਾਹ ਦਾ 20 ਫੀਸਦੀ ਹਿੱਸਾ ਰੋਕਿਆ ਜਾਵੇਗਾ। ਇਹ ਵਿਵਸਥਾ ਅਪ੍ਰੈਲ 2026 ਦੀ ਤਨਖਾਹ ਤੋਂ ਲਾਗੂ ਹੋਵੇਗੀ, ਜਿਸਦਾ ਭੁਗਤਾਨ ਮਈ ਵਿੱਚ ਕੀਤਾ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਕਿ ਤਨਖਾਹ ਕਟੌਤੀ ਨਹੀਂ  ਸਗੋਂ ਅਸਕਾਈ ਸਥਗਨ ਹੈ ਅਤੇ ਰੋਕੀ ਗਈ ਰਕਮ ਭਵਿੱਖ ਵਿੱਚ ਵਿੱਤੀ ਸਥਿਤੀ ਸੁਧਰਨ ਉਤੇ ਜਾਰੀ ਕੀਤੀ ਜਾਵੇਗੀ।

ਰਾਜਨੀਤਿਕ ਆਗੂਆਂ ਉਤੇ ਵੀ ਇਸ ਫੈਸਲੇ ਦਾ ਅਸਰ ਪਵੇਗਾ। ਮੁੱਖ ਮੰਤਰੀ ਦੀ 50 ਫੀਸਦੀ, ਉਪ ਮੁੱਖ ਮੰਤਰੀ ਅਤੇ ਮੰਤਰੀ ਦਾ 30 ਫੀਸਦੀ ਅਤੇ ਵਿਧਾਇਕਾਂ ਦਾ 20 ਫੀਸਦੀ ਤਨਖਾਹ ਛੇ ਮਹੀਨਿਆਂ ਲਈ ਰੋਕੀ ਗਈ ਹੈ। ਮੁੱਖ ਮੰਤਰੀ ਨੇ ਇਸ ਕਦਮ ਨੂੰ ‘ਅਸਥਾਈ ਅਤੇ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਸੂਬੇ ਦੀ ਆਰਥਿਕ ਸਥਿਤੀ ਸੁਧਾਰਨ ਲਈ ਸਾਰਿਆਂ ਨੂੰ ਯੋਗਦਾਨ ਦੇਣਾ ਜ਼ਰੂਰੀ ਹੈ।

ਜਾਪਾਨ ’ਚ 7.4 ਤੀਬਰਤਾ ਵਾਲਾ ਆਇਆ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਜਾਪਾਨ ਵਿੱਚ ਅੱਜ ਭਿਆਨਕ ਭੂਚਾਲ ਆਇਆ ਹੈ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਉਤੇ 7.4 ਨਾਪੀ ਗਈ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਤੱਟੀ ਖੇਤਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਉਤੇ ਨਿਕਲਣ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਨੂੰ ਲੈ ਕੇ ਇਕ ਖਾਸ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਜਾਪਾਨ ਦੇ ਉਤਰੀ ਹਿੱਸੇ ਵਿੱਚ ਆਇਆ। ਵਿਭਾਗ ਨੇ ਕਿਹਾ ਕਿ ਇਸ ਦੇ ਅਸਰ ਨਾਲ ਸੁਨਾਮੀ ਆ ਸਕਦੀ ਹੈ, ਜਿਸਦੀਆਂ ਲਹਿਰਾਂ ਕਰੀਬ 10 ਫੁੱਟ ਉੱਚੀਆਂ ਉੱਠਣ ਦਾ ਸ਼ੱਕ ਹੈ। ਭੂਚਾਲ ਸਥਾਨਕ ਸਮੇਂ ਮੁਤਾਬਕ 4 ਵਜ ਕੇ 53 ਮਿੰਟ ਉਤੇ ਆਇਆ। ਉਤਰੀ ਇਵਾਤੇ ਸੂਬੇ ਦੇ ਪ੍ਰਸ਼ਾਂਤ ਮਹਾਸਾਗਰ ਵਾਲੇ ਖੇਤਰ ਵਿੱਚ ਆਏ ਇਸ ਭੂਚਾਲ ਦਾ ਅਸਰ ਕਾਫੀ ਦੂਰ ਤੱਕ ਦੇਖਿਆ ਗਿਆ ਹੈ। ਇਸ ਦੇ ਝਟਕੇ ਐਨੇ ਤੇਜ਼ ਸਨ ਕਿ ਸੈਂਕੜੇ ਕਿਲੋਮੀਟਰ ਦੂਰ ਟੋਕੀਓ ਦੀਆਂ ਇਮਾਰਤਾਂ ਵੀ ਹਿਲ ਗਈਆਂ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2011 ਵਿਚ ਜਾਪਾਨ ਵਿੱਚ 9.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 18 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ

ਚੰਡੀਗੜ੍ਹ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਅਤੇ ਲੋਕ ਭਲਾਈ ਨੂੰ ਤਰਜੀਹ ਦਿੰਦਿਆਂ ਗਰੀਬ ਅਤੇ ਲੋੜਵੰਦ ਵਰਗਾਂ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਅਸ਼ੀਰਵਾਦ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਲਈ 728.48 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ 1.43 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਸਿੱਧਾ ਲਾਭ ਮਿਲਿਆ ਹੈ।

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅਸ਼ੀਰਵਾਦ ਸਕੀਮ ਗਰੀਬ ਪਰਿਵਾਰਾਂ ਲਈ ਇੱਕ ਮਜ਼ਬੂਤ ਸਹਾਰਾ ਬਣ ਕੇ ਉਭਰੀ ਹੈ, ਜਿਸ ਨਾਲ ਧੀਆਂ ਦੇ ਵਿਆਹ ਸਮੇਂ ਪਰਿਵਾਰਾਂ ਉੱਤੇ ਪੈਣ ਵਾਲਾ ਆਰਥਿਕ ਬੋਝ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੰਤਵ ਕੇਵਲ ਆਰਥਿਕ ਸਹਾਇਤਾ ਦੇਣਾ ਹੀ ਨਹੀਂ, ਸਗੋਂ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਆਤਮ-ਸਨਮਾਨ, ਸੁਰੱਖਿਆ ਅਤੇ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਣਾ ਵੀ ਹੈ।

ਮੰਤਰੀ ਨੇ ਦੱਸਿਆ ਕਿ ਕੋਈ ਵੀ ਪਰਿਵਾਰ ਜੋ ਪੰਜਾਬ ਦਾ ਪੱਕਾ ਨਿਵਾਸੀ ਹੋਵੇ ਅਤੇ ਗਰੀਬੀ ਰੇਖਾ ਤੋਂ ਹੇਠਾਂ ਆਉਂਦਾ ਹੋਵੇ, ਅਤੇ ਜੋ ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਜਾਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹੋਵੇ, ਉਹ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਹੈ। ਉਨ੍ਹਾਂ ਹੋਰ ਦੱਸਿਆ ਕਿ ਇੱਕ ਪਰਿਵਾਰ ਦੀਆਂ ਦੋ ਧੀਆਂ ਦੇ ਵਿਆਹ ਲਈ ਇਸ ਸਕੀਮ ਤਹਿਤ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਜਦੋਂ ਕਿਸੇ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਹੁੰਦਾ ਹੈ ਤਾਂ ਮਾਪਿਆਂ ਲਈ ਇਹ ਖੁਸ਼ੀ ਦੇ ਨਾਲ ਨਾਲ ਚਿੰਤਾ ਦਾ ਵੀ ਸਮਾਂ ਹੁੰਦਾ ਹੈ, ਪਰ ਪੰਜਾਬ ਸਰਕਾਰ ਦੀ ਅਸ਼ੀਰਵਾਦ ਸਕੀਮ ਨੇ ਹਜ਼ਾਰਾਂ ਪਰਿਵਾਰਾਂ ਦੀਆਂ ਚਿੰਤਾਵਾਂ ਘਟਾ ਕੇ ਉਨ੍ਹਾਂ ਦੇ ਘਰਾਂ ਵਿੱਚ ਖੁਸ਼ੀਆਂ ਦੇ ਦੀਵੇ ਜਗਾਏ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਗਰੀਬ ਮਾਪਿਆਂ ਲਈ ਇੱਕ ਮਜ਼ਬੂਤ ਸਹਾਰਾ ਬਣ ਰਹੀ ਹੈ, ਜਿਸ ਨਾਲ ਉਹ ਆਪਣੀਆਂ ਧੀਆਂ ਨੂੰ ਇੱਜ਼ਤ, ਸਨਮਾਨ ਅਤੇ ਖੁਸ਼ਹਾਲ ਭਵਿੱਖ ਨਾਲ ਵਿਦਾ ਕਰਨ ਦੇ ਯੋਗ ਬਣ ਰਹੇ ਹਨ।

ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਯੋਗ ਲਾਭਪਾਤਰੀ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਸਕੀਮ ਦਾ ਲਾਭ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਰਜ਼ੀਆਂ ਦੇ ਨਿਪਟਾਰੇ ਵਿੱਚ ਦੇਰੀ ਨਾ ਕੀਤੀ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਸਰਕਾਰੀ ਸਹਾਇਤਾ ਤੋਂ ਵਾਂਝਾ ਨਾ ਰਹੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜਿਕ ਨਿਆਂ ਅਤੇ ਲੋਕ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਸਕੀਮਾਂ ਰਾਹੀਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹਰ ਧੀ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਅਤੇ ਹਰ ਪਰਿਵਾਰ ਨੂੰ ਮਜ਼ਬੂਤ ਬਣਾਉਣਾ ਹੈ।

ਪੰਜਾਬ ਦਾ ਮਸ਼ਹੂਰ MALL ਅਣਮਿੱਥੇ ਸਮੇਂ ਲਈ ਬੰਦ, ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖਤਰੇ ’ਚ

ਮੋਹਾਲੀ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਜ਼ਿਲ੍ਹੇ ਦੇ ਇਕ ਮਸ਼ਹੂਰ ਮਾਲ ਨੂੰ ਪ੍ਰਬੰਧਕਾਂ ਨੇ ਅਚਾਨਕ ਬੰਦ ਕਰਨ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਮੋਹਾਲੀ ਦਾ ਪ੍ਰਸਿੱਧ VR Punjab Mall ਨੂੰ ਅੱਜ 20 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਮਾਲ ਪ੍ਰਬੰਧਕਾਂ ਵੱਲੋਂ ਲਏ ਗਏ ਇਸ ਫੈਸਲੇ ਕਾਰਨ ਮਾਲ ਅੰਦਰ ਚੱਲਦੀਆਂ ਕਰੀਬ 100 ਤੋਂ ਵੱਧ ਦੁਕਾਨਾਂ ਅਤੇ ਆਊਟਲੈਟ ਤੁਰੰਤ ਬੰਦ ਹੋ ਗਏ ਹਨ। ਪ੍ਰਬੰਧਕਾਂ ਵੱਲੋਂ ਜਾਰੀ ਹੁਕਮਾਂ ਵਿਚ ਨਾਲ ਸਾਰੇ ਬ੍ਰਾਂਡਾਂ ਅਤੇ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰਾਂ ਨੂੰ ਫੌਰੀ ਤੌਰ ਉਤੇ ਰੋਕਣ ਲਈ ਕਿਹਾ ਗਿਆ ਹੈ, ਜਿਸ ਨਾਲ ਪੂਰੇ ਮਾਲ ਵਿੱਚ ਸੰਨਾਟਾਂ ਛਾ ਗਿਆ ਹੈ।  ਮਾਲ ਦੇ ਅੰਦਰ ਕਈ ਮਸ਼ਹੂਰ ਦੇਸੀ ਅਤੇ ਵਿਦੇਸ਼ੀ ਬ੍ਰਾਂਡ ਕੰਮ ਕਰ ਰਹੇ ਸਨ, ਜਿਵੇਂ ਕਿ H&M, Reliance Trends, Croma, Starbucks, KFC, Burger King, Lenskart, GAP, Costa Coffee ਅਤੇ Haldiram’s ਆਦਿ। ਇਸ ਤੋਂ ਇਲਾਵਾ Lifestyle, Max, Jockey, Reliance Smart Bazaar, Go Colors, Cafe Coffee Day, Taco Bell, Skechers, DIY ਅਤੇ Pirates of Grill ਵਰਗੇ ਹੋਰ ਆਉਟਲੈਟ ਵੀ ਇੱਥੇ ਚੱਲ ਰਹੇ ਸਨ। ਇਸ ਤੋਂ ਇਲਾਵਾ ਲੋਕਾਂ ਦੇ ਮੰਨੋਰੰਜਨ ਲਈ ਮਾਲ ਵਿੱਚ ਕਈ ਸਕ੍ਰੀਨ ਵਾਲਾ PVR ਸਿਨੇਮਾ ਚਲਦਾ ਸੀ। ਮਾਲ ਪ੍ਰਬੰਧਕਾਂ ਦੇ ਇਕ ਹੁਕਮਾਂ ਨਾਲ ਹਜ਼ਾਰਾਂ ਕਰਮਚਾਰੀਆਂ ਦੀ ਰੋਜ਼ੀ-ਰੋਟੀ ‘ਤੇ ਅਸਰ ਪੈਣ ਦਾ ਖਤਰਾ ਬਣ ਗਿਆ ਹੈ। ਕਈ ਮੁਲਾਜ਼ਮਾਂ ਬੇਰੁਜ਼ਗਾਰ ਹੋ ਸਕਦੇ ਹਨ। ਪ੍ਰਬੰਧਨ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ 3 ਅਪ੍ਰੈਲ 2026 ਨੂੰ ਉੱਤਰੀ ਭਾਰਤ ਵਿੱਚ ਆਏ ਭੂਚਾਲ ਕਾਰਨ ਇਮਾਰਤ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ ਇਮਾਰਤ ਦੀ ਮਜ਼ਬੂਤੀ ਨੂੰ ਲੈ ਕੇ ਚਿੰਤਾ ਵਧ ਗਈ ਹੈ। ਲੋਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਲ ਨੂੰ ਤੁਰੰਤ ਬੰਦ ਕਰਕੇ ਪੂਰੀ ਇਮਾਰਤ ਸੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪੰਜਾਬ ’ਚ ਨਿਕਲੀਆਂ 268 ਪ੍ਰੋਫੈਸਰਾਂ ਦੀਆਂ ਅਸਾਮੀਆਂ

ਚੰਡੀਗੜ੍ਹ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ ਪ੍ਰੋਫੈਸਰਾਂ ਦੀਆਂ ਅਸਾਮੀਆਂ ਨਿਲਕਣ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਚੰਗੀ ਖਬਰ ਹੈ। ਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 268  ਪ੍ਰੋਫੈਸਰ/ਲੈਕਚਰਾਰ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਉਮੀਦਵਾਰ 6 ਮਈ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਜੰਮੂ ਕਸ਼ਮੀਰ : ਬੱਸ ਖੱਡ ’ਚ ਡਿੱਗੀ, 15 ਲੋਕਾਂ ਦੀ ਮੌਤ

ਰਾਮਨਗਰ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ :

ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਖੱਡ ਵਿੱਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ, ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਸ ਰਾਮਨਗਰ ਤੋਂ ਉਧਮਨਗਰ ਵੱਲ ਜਾ ਰਹੀ ਸੀ। ਰਾਮਨਗਰ ਦੇ ਨੇੜਲੇ ਪਿੰਡ ਕਗੋਰਟ ਕਲੋਂ ਬੱਸ ਨਿਕਲ ਰਹੀ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉੱਚੀ ਪਹਾੜੀ ਉਤੇ ਬੜੇ ਰੋਡ ਤੋਂ ਲੰਘਦੇ ਹੋਏ ਬੱਸ ਨੇ ਇਕ ਤਿੱਖੇ ਮੋੜ ਉਤੇ ਸੰਤੁਲਨ ਗੁਆ ਦਿੱਤਾ। ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਰਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪ੍ਰਸ਼ਾਸਨ ਅਤੇ ਸਥਾਨਕ ਲੋਕ ਮੌਕੇ ਉਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੰਜਾਬ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼

ਹੁਸ਼ਿਆਰਪੁਰ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹੁਸ਼ਿਆਰਪੁਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਇੱਕ ਅੰਤਰ-ਰਾਜੀ/ਵਿਦੇਸ਼ੀ ਸਬੰਧਾਂ ਵਾਲੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਮੁਲਜ਼ਮਾਂ ਕੋਲੋਂ 9.925 ਕਿਲੋਗ੍ਰਾਮ ਹੈਰੋਇਨ, 2 ਵਿਦੇਸ਼ੀ ਪਿਸਤੌਲ ਸਮੇਤ 8 ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਸਥਾਨਕ ਹੈਂਡਲਰ ਵਜੋਂ ਕੰਮ ਕਰ ਰਹੇ ਸਨ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਸਨ।

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਅਮਰੀਕਾ ’ਚ ਗੋਲੀਬਾਰੀ, 8 ਬੱਚਿਆਂ ਦੀ ਮੌਤ

ਲੁਈਸਿਆਨਾ, 20 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਦੇ ਲੁਈਸਿਆਨਾ ਵਿੱਚ ਇਕ ਦਿਲ ਦਿਲਹਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਘਰਾਂ ਵਿੱਚ ਕੀਤੀ ਗਈ ਗੋਲੀਬਾਰੀ ਦੌਰਾਨ 8 ਬੱਚਿਆਂ ਦੀ ਮੌਤ ਹੋ ਗਈ। ਐਤਵਾਰ 19 ਅਪ੍ਰੈਲ ਨੂੰ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸ਼੍ਰੇਵਪੋਰਟ ਪੁਲਿਸ ਦੇ ਬੁਲਾਰੇ ਕ੍ਰਿਸ ਬੋਰਡੇਲਨ ਮੁਤਾਬਕ ਇਸ ਘਟਨਾ ਵਿੱਚ ਮਾਰੇ ਗਏ ਬੱਚਿਆਂ ਦੀ ਉਮਰ ਇੱਕ ਤੋਂ ਲੈ ਕੇ ਲਗਭਗ 12 ਸਾਲ ਤੱਕ ਸੀ। ਉਨ੍ਹਾਂ ਦੱਸਿਆ ਕਿ ਕੁੱਲ 10 ਬੱਚਿਆਂ ਨੂੰ ਗੋਲੀ ਮਾਰੀ ਗਈ, ਅਤੇ ਉਨ੍ਹਾਂ ਵਿੱਚੋਂ ਕੁਝ ਸ਼ੱਕੀ ਦੇ ਰਿਸ਼ਤੇਦਾਰ ਸਨ। ਬੁਲਾਰੇ ਨੇ ਕਿਹਾ ਕਿ ਪੁਲਿਸ ਨੇ ਬਾਅਦ ਵਿੱਚ ਸ਼ੱਕੀ ਦਾ ਪਿੱਛਾ ਕਰਕੇ ਉਸਨੂੰ ਮਾਰ ਦਿੱਤਾ। ਪੁਲਿਸ ਬੁਲਾਰੇ ਨੇ ਕਿਹਾ ਕਿ ਸ਼ੱਕੀ ਨੇ ਮੌਕੇ ਤੋਂ ਭੱਜਦੇ ਸਮੇਂ ਇੱਕ ਕਾਰ ਚੋਰੀ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸਦਾ ਪਿੱਛਾ ਕਰਕੇ ਉਸਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਸ਼ੱਕੀ ਦਾ ਨਾਮ ਜਾਰੀ ਨਹੀਂ ਕੀਤਾ ਪਰ ਕਿਹਾ ਕਿ ਉਹ ਇੱਕ ਬਾਲਗ ਸੀ। ਇਸ ਘਟਨਾ ਪਿੱਛੇ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ।

ਸਿਹਤ ਵਿਭਾਗ ਵਲੋਂ ਸੰਭਾਵੀ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਜ਼ਿਲ੍ਹਾ ਸਿਹਤ ਵਿਭਾਗ ਨੇ ਗਰਮੀ ਅਤੇ ਲੂ ਦੇ ਮੌਸਮ ਵਿੱਚ ਹੋਣ ਵਾਲੀਆਂ ਆਮ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੀ ਤਿਆਰੀ ਕਰ ਲਈ ਹੈ।

ਆਗਾਮੀ ਦਿਨਾਂ ‘ਚ ਸੰਭਾਵੀ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਗਰਮੀ ਅਤੇ ਲੂ ਦੇ ਮੌਸਮ ਵਿਚ ਸੰਭਾਵੀ ਸਿਹਤ ਖ਼ਤਰਿਆਂ ਨਾਲ ਨਜਿੱਠਣ ਲਈ ਢੁਕਵੇਂ ਪ੍ਰਬੰਧ ਕਰ ਲਏ ਹਨ ਤਾਂਕਿ ਪ੍ਰਭਾਵਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਦਸਿਆ ਕਿ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਹੀਟ ਸਟਰੋਕ ਯੂਨਿਟ ਕਾਰਜਸ਼ੀਲ ਕੀਤੇ ਗਏ ਹਨ ਅਤੇ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਵਾਲੇ ਮਰੀਜ਼ਾਂ ਲਈ ਬੈੱਡ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ, ਸਰਕਾਰੀ ਹਸਪਤਾਲਾਂ ਵਿੱਚ ਢੁਕਵੀਂ ਮਾਤਰਾ ਵਿੱਚ ਓ.ਆਰ.ਐਸ. ਪੈਕੇਟਾਂ ਦੀ ਸਪਲਾਈ ਸਮੇਤ ਲੋੜੀਂਦੀਆਂ ਦਵਾਈਆਂ ਉਪਲੱਬਧ ਕੀਤੀਆਂ ਗਈਆਂ ਹਨ। ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਦਿਨ-ਰਾਤ ਤਿਆਰ ਰਹਿਣ ਲਈ ਕਿਹਾ ਗਿਆ ਹੈ l

ਡਾ. ਜੈਨ ਨੇ ਕਿਹਾ ਕਿ ਛੋਟੇ ਬੱਚਿਆਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਲੋਕਾਂ, ਬਿਰਧਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਵਧੇਰੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ਵਿੱਚ ਨਾ ਨਿਕਲਿਆ ਜਾਵੇ, ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ। ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ l ਬਾਹਰ ਜਾਣ ਸਮੇਂ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛੱਤਰੀ, ਟੋਪੀ, ਤੌਲੀਏ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਖ਼ਰਬੂਜ਼ਾ, ਸੰਤਰਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਹੌਲੀ ਹੌਲੀ ਸ਼ੁਰੂ ਕਰੋ ਅਤੇ ਹੌਲੀ ਹੌਲੀ ਵਧਾਉ ਤਾਕਿ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੋਵੇ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ, ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇl ਤਲੇ, ਬਾਹਰਲੇ ਅਤੇ ਬਾਸੀ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ।

ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਲੋੜੀਂਦੀਆਂ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗਰਮੀ ਲੱਗਣ ਦੇ ਖ਼ਦਸ਼ਿਆਂ ਕਾਰਨ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਵਿਅਕਤੀ ਨੂੰ ਜਿੰਨੀ ਜਲਦੀ ਹੋ ਸਕੇ, ਨੇੜਲੇ ਹਸਪਤਾਲ ਲਿਜਾ ਕੇ ਮਾਹਰ ਡਾਕਟਰਾਂ ਕੋਲੋਂ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ।

Category : Big Breaking