ਐਸ.ਏ.ਐਸ. ਨਗਰ (ਮੋਹਾਲੀ), 19ਜੂਨ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20ਕ੍ਰਿਕਟ ਟੂਰਨਾਮੈਂਟ2026ਸੀਜ਼ਨ –2ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਟੂਰਨਾਮੈਂਟ ਵਿੱਚ ਪੰਜਾਬ ਮੰਡੀ ਬੋਰਡ ਦੀ ਟੀਮ ਨੇਦੂਜਾ ਸਥਾਨ ਹਾਸਲ ਕੀਤਾ। ਅੱਜ ਮੁੱਖ ਦਫ਼ਤਰ ਵਿਖੇ ਆਯੋਜਿਤ ਸਮਾਰੋਹ ਦੌਰਾਨ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸ੍ਰੀ ਕੁਮਾਰ ਅਮਿਤ ਸਕੱਤਰ ਮੰਡੀ ਬੋਰਡ ਵੱਲੋਂ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ. ਜਤਿੰਦਰ ਸਿੰਘ ਭੰਗੂ ਇੰਜੀਨੀਅਰ-ਇਨ-ਚੀਫ਼, ਸ. ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਸ. ਪ੍ਰੀਤ ਕੰਵਰ ਸਿੰਘ ਬਰਾੜ ਡੀ.ਜੀ.ਐਮ. ਸ੍ਰੀ ਰਜਨੀਸ਼ ਗੋਇਲ ਡੀ.ਜੀ.ਐਮ., ਸ. ਸੁੱਖਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ (ਕਪਤਾਨ, ਕ੍ਰਿਕਟ ਟੀਮ ਪੰਜਾਬ ਮੰਡੀ ਬੋਰਡ), ਸ. ਸੁਰਮੁੱਖ ਸਿੰਘ ਅਮਲਾ ਅਫ਼ਸਰ, ਸ੍ਰੀ ਜੈ ਵਿਜੇ ਡੀ.ਡੀ.ਐਮ.ਓ. ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇੱਥੇ ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਐਗਰੀਕਲਚਰਲ ਮਾਰਕੀਟਿੰਗ ਬੋਰਡਾਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ।

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ. ਬਰਸਟ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਾਰੀ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਹੌਸਲਾ ਵਧਾਇਆ। ਇਸ ਦੌਰਾਨ ਚੇਅਰਮੈਨ ਵੱਲੋਂ ਖੇਡਾਂ ਦੀ ਮਹੱਤਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ ਅਤੇ ਇਹ ਸਾਨੂੰ ਅਨੁਸ਼ਾਸਨ, ਸਮਾਂ ਪ੍ਰਬੰਧਨ ਅਤੇ ਟੀਮ ਭਾਵਨਾ ਸਿਖਾਉਂਦੀਆਂ ਹਨ। ਖੇਡਾਂ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨ ਜਿਉਣ ਲਈ ਬਹੁਤ ਜਰੂਰੀ ਹਨ। ਡਿਊਟੀ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਬਹੁਤ ਹੀ ਜ਼ਰੂਰੀ ਹੈ। ਰੋਜ਼ਾਨਾ ਦੇ ਰੁਝੇਵਿਆਂ ਦੇ ਵਿਚਕਾਰ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ, ਜੋ ਇਨਸਾਨ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਰੋਤਾਜ਼ਾ ਰੱਖਦੀਆਂ ਹਨ। ਜਦੋਂ ਸਾਡਾ ਸਰੀਰ ਅਤੇ ਦਿਮਾਗ ਤੰਦਰੁਸਤ ਹੋਵੇਗਾ, ਤਾਂ ਹੀ ਅਸੀਂ ਆਪਣੇ ਕਾਰਜਾਂ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਕਰ ਸਕਾਂਗੇ।

ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਲਈ ਆਫ ਸੀਜਨ ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ ਨੂੰ ਇਨਡੋਰ ਸਟੇਡੀਅਮ ਵਜੋਂ ਖੋਲਿਆ ਗਿਆ ਹੈ, ਜਿੱਥੇ ਮੁਫ਼ਤ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ। ਇਸਦੇ ਤਹਿਤ ਮਲੋਟ ਵਿਖੇ ਬਾਸਕਿਟ ਬਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ, ਸੁਲਤਾਨਪੁਰ ਲੋਧੀ ਵਿਖੇ ਬਾਸਕਿਟ ਬਾਲ ਅਤੇ ਰਾਮਪੁਰਾ ਫੂਲ ਮੰਡੀ ਵਿਖੇ ਬੱਚਿਆਂ ਨੂੰ ਸਕੈਟਿੰਗ ਵੀ ਸਿਖਾਈ ਜਾਂਦੀ ਹੈ।

ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਨੋਡਲ ਅਫ਼ਸਰ ਡੀ.ਜੀ.ਐਮ. ਰਜਨੀਸ਼ ਗੋਇਲ ਅਤੇ ਸਮੂਚੀ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਖੇਡ ਸਮਾਗਮ ਕਰਵਾਉਣ ਲਈ ਪ੍ਰੇਰਿਤ ਕੀਤਾ।

Spread the love