ਚੰਡੀਗੜ੍ਹ, 5 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਤ੍ਰੈਭਾਸ਼ੀ ਏ. ਆਈ.-ਐਮ.ਐਲ. ਸ਼ਬਦਾਵਲੀ ‘ਤੇ ਮਾਹਿਰ ਸਲਾਹਕਾਰ ਕਮੇਟੀ ਦੀ ਮੀਟਿੰਗ ਸ਼ੁਰੂ। ਪੰਜਾਬ ਯੂਨੀਵਰਸਿਟੀ ਦੇ ਸਕੂਲ ਆਫ਼ ਪੰਜਾਬੀ ਸਟਡੀਜ਼ ਵੱਲੋਂ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਦੇ ਖੇਤਰਾਂ ਵਿੱਚ ਅੰਗਰੇਜ਼ੀ–ਹਿੰਦੀ–ਪੰਜਾਬੀ ਤ੍ਰੈਭਾਸ਼ੀ ਸ਼ਬਦਾਵਲੀ ਤਿਆਰ ਕਰਨ ਲਈ ਮਾਹਿਰ ਸਲਾਹਕਾਰ ਕਮੇਟੀ (EAC) ਦੀ ਪੰਜ ਦਿਨਾਂ ਮੀਟਿੰਗ ਦਾ ਅੱਜ ਮੋਹਨ ਸਿੰਘ ਦੀਵਾਨਾ ਹਾਲ ਆਰੰਭ ਹੋਇਆ। ਇਹ ਮੀਟਿੰਗ 5 ਤੋਂ 9 ਮਈ 2026 ਤੱਕ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮਿਨੋਲੋਜੀ (CSTT), ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
ਮੀਟਿੰਗ ਦਾ ਉਦਘਾਟਨੀ ਸਤਰ ਦੀਪ ਪ੍ਰਜਵਲਨ ਦੀ ਰਸਮ ਨਾਲ ਸ਼ੁਰੂ ਹੋਇਆ। ਇਸ ਮੌਕੇ ਮਾਣਯੋਗ ਕੁਲਪਤੀ ਪ੍ਰੋ. ਰੇਣੂ ਵਿਗ ਅਤੇ ਮਾਣਯੋਗ ਰਾਜ ਸਭਾ ਮੈਂਬਰ ਸ਼੍ਰੀ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਪਰਮਜੀਤ ਸਿੱਧੂ, ਮੁਖੀ, ਪੰਜਾਬੀ ਵਿਭਾਗ ਨੇ ਆਏ ਮਹਿਮਾਨਾਂ ਅਤੇ ਮਾਹਿਰ ਸਲਾਹਕਾਰ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਪਹਿਲ ਦੇ ਉਦੇਸ਼ ਅਤੇ ਮਹੱਤਵ ਬਾਰੇ ਜਾਣਕਾਰੀ ਦੀਪਕ ਕੁਮਾਰ, ਸਹਾਇਕ ਨਿਰਦੇਸ਼ਕ, CSTT ਵੱਲੋਂ ਦਿੱਤੀ ਗਈ।
ਰਾਜ ਸਭਾ ਦੇ ਨਾਮਜ਼ਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਿ ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਗਿਆਨ ਦੀ ਉਪਲਬਧਤਾ ਨਾਲ ਪਿੰਡਾਂ ਅਤੇ ਗੈਰ-ਅੰਗਰੇਜ਼ੀ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਸਿੱਖਣ ਲਈ ਪ੍ਰੇਰਿਤ ਕਰੇਗੀ। ਉਹਨਾਂ ਕਿਹਾ ਕਿ ਏ.ਆਈ ਦੇ ਯੁੱਗ ਵਿੱਚ ਖੇਤਰੀ ਭਾਸ਼ਾਵਾਂ ਲਈ ਨਵੇਂ ਰਸਤੇ ਖੁੱਲੇ ਹਨ। ਉਹਨਾਂ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਅਤੇ ਵਿਕਾਸ ਲਈ ਜਨੂੰਨੀ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਅਜੋਕੇ ਸਮੇਂ ਵਿੱਚ ਸਭ ਤੋਂ ਵੱਡਾ ਮਸਲਾ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਬਚਾਉਣ ਅਤੇ ਪ੍ਰਫੁਲਤ ਕਰਨਾ ਹੈ। ਪੰਜਾਬ ਦੀ ਵਰਤਮਾਨ ਸਥਿਤੀ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ‘ਪੰਜਾਬ ਨੀਤੀ’ ਅਪਣਾਉਣ ਦੀ ਬੇਹਦ ਜਰੂਰਤ ਹੈ। ਉਹਨਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਤਲਾਸ਼ਣ ਲਈ ਨਵੀਂ ਤਕਨੀਕ ਨੂੰ ਨੈਤਿਕ ਤੌਰ ਤੇ ਪ੍ਰਯੋਗ ਕਰਨ ਤੇ ਜ਼ੋਰ ਦਿੱਤਾ।
ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਬਹੁਭਾਸ਼ੀ ਤਕਨੀਕੀ ਸਿੱਖਿਆ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਅਤੇ ਇਹ ਪਹਿਲ ਰਾਸ਼ਟਰੀ ਸਿਖਿਆ ਨੀਤੀ 2020 ਅਤੇ ਰਾਸ਼ਟਰੀ ਏ.ਆਈ. ਵਰਗੀ ਪਹਿਲ ਦੇ ਅਨੁਕੂਲ ਇੱਕ ਮਹੱਤਵਪੂਰਨ ਕਦਮ ਹੈ। ਮੈਡਮ ਵਾਈਸ ਚਾਂਸਲਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਹਮੇਸ਼ਾਂ ਹੀ ਪੰਜਾਬ ਤੇ ਪੰਜਾਬੀਅਤ ਨੂੰ ਪਹਿਲ ਦਿੱਤੀ ਹੈ। ਉਨਾਂ ਪੰਜਾਬ ਦੀ ਵਿਰਾਸਤ ਅਤੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀ ਦੀ ਸੇਵਾ ਲਈ ਹਮੇਸ਼ਾ ਮੋਹਰੀ ਰਹੀ ਹੈ।
ਮੀਟਿੰਗ ਵਿੱਚ ਦੇਸ਼ ਭਰ ਤੋਂ ਭਾਸ਼ਾ ਅਤੇ ਤਕਨੀਕੀ ਮਾਹਿਰ ਅਤੇ ਵਿਦਵਾਨ ਸ਼ਾਮਲ ਹੋਣ ਲਈ ਪਹੁੰਚੇ। ਆਉਣ ਵਾਲੇ ਦਿਨਾਂ ਵਿੱਚ ਏਆਈ/ਐਮਐਲ ਨਾਲ ਸੰਬੰਧਿਤ ਤ੍ਰੈਭਾਸ਼ੀ ਤਕਨੀਕੀ ਸ਼ਬਦਾਵਲੀ ਦੇ ਵਿਕਾਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਪਹਿਲ ਭਾਸ਼ਾ ਅਤੇ ਤਕਨੀਕ ਦੇ ਸੁਮੇਲ ਰਾਹੀਂ ਸਮਾਵੇਸ਼ੀ ਗਿਆਨ ਸਮਾਜ ਦੀ ਰਚਨਾ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
ਸੈਸ਼ਨ ਦਾ ਸੰਚਾਲਨ ਪ੍ਰੋ. ਯੋਗਰਾਜ ਨੇ ਕੀਤਾ ਅਤੇ ਧੰਨਵਾਦ ਪ੍ਰਸਤਾਵ ਪ੍ਰੋ. ਉਮਾ ਸੇਠੀ ਵੱਲੋਂ ਪੇਸ਼ ਕੀਤਾ ਗਿਆ।

Spread the love