ਗੁਰਦਾਸਪੁਰ, 13 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਗੁਰਦਾਸਪੁਰ ਜ਼ਿਲ੍ਹੇ ਵਿੱਚ ਇਕ ਖੌਫਲਾਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਜ਼ਮੀਨ ਵਾਸਤੇ ਭਰਾ ਨੇ ਹੀ ਆਪਣੇ ਸਕੇ ਭਰਾ ਅਤੇ ਭਰਜਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਪਿੰਡ ਨੈਣਾਕੋਟ ਵਿੱਚ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਭਜਨ ਸਿੰਘ ਦੇ ਤਿੰਨ ਪੁੱਤਰਾਂ ਅਜੈਬ ਸਿੰਘ, ਅਮਰਜੀਤ ਸਿੰਘ ਅਤੇ ਤਰਸੇਮ ਸਿੰਘ ਵਿਚਕਾਰ 9 ਕਿੱਲੇ ਜ਼ਮੀਨ ਦੀ ਵੰਡ ਨੂੰ ਲੈ ਕੇ ਪਿਛਲੇ ਸਮੇਂ ਤੋਂ ਆਪਸੀ ਝਗੜਾ ਚਲ ਰਿਹਾ ਸੀ। ਮੰਗਲਵਾਰ ਸਵੇਰੇ ਜਦੋਂ ਅਜੈਬ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੇਫ਼ਿਕਰ ਹੋ ਕੇ ਸੈਰ ਕਰ ਰਿਹਾ ਸੀ, ਤਾਂ ਘਾਤ ਲਗਾ ਕੇ ਬੈਠੇ ਅਮਰਜੀਤ ਸਿੰਘ ਨੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ। ਅਮਰਜੀਤ ਨੇ ਆਪਣੀ ਬੰਦੂਕ ਨਾਲ ਅਜੈਬ ਸਿੰਘ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ। ਭਰਾ ਦਾ ਕਤਲ ਕਰਨ ਤੋਂ ਬਾਅਦ ਉਹ ਸਿੱਧਾ ਅਜੈਬ ਸਿੰਘ ਦੇ ਘਰ ਪਹੁੰਚਿਆ ਅਤੇ ਆਪਣੀ ਭਾਬੀ ਕਮਲ ਕੌਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਹੀ ਮਿੰਟਾਂ ਵਿੱਚ ਇੱਕ ਹੱਸਦਾ-ਖੇਡਦਾ ਪਰਿਵਾਰ ਉਜੜ ਗਿਆ। ਦੋਹਰਾ ਕਤਲ ਕਰਨ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਦੋਹਰਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਨੇ ਖੁਦ ਪੁਲਿਸ ਥਾਣਾ ਕਾਹਨੂੰਵਾਨ ਜਾ ਕੇ ਆਤਮ-ਸਮਰਪਣ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਕੁਲਵੰਤ ਸਿੰਘ ਮਾਨ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਡੀਐਸਪੀ ਨੇ ਦੱਸਿਆ “ਜ਼ਮੀਨੀ ਵਿਵਾਦ ਕਾਰਨ ਇਹ ਭਿਆਨਕ ਵਾਰਦਾਤ ਹੋਈ ਹੈ। ਅਸੀਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।”













