ਚੰਡੀਗੜ੍ਹ, 29 ਜੂਨ, ਪ੍ਰਾਈਮ ਏਸ਼ੀਆ ਅਤੇ ਨਿਊਜ਼ ਬਿਊਰੋ :

ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਵਿੱਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਤਿੱਖੀ ਬਹਿਸਬਾਜ਼ੀ ਹੋਈ। ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਸਦਨ ਦੇ ਬਾਹਰ ਕਾਂਗਰਸ ਅਤੇ ਸਦਨ ਦੇ ਅੰਦਰ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ । ਸਦਨ ਵਿਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵਲੋਂ ਵਰਤੀ ਗਈ ਸ਼ਬਦਾਵਲੀ ਦੇ ਵਿਰੌਧ ਵਿਚ ਨਾਅਰੇਬਾਜ਼ੀ ਕਰ ਰਹੇ ਹਨ। ਸਦਨ ਵਿਚ ਮੌਜੂਦ ਕਾਂਗਰਸ ਪਾਰਟੀ ਦੇ ਸਮੂਹ ਕੌਂਸਲਰ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸਦਨ ਵਿਚਕਾਰ ਧਰਨੇ ਤੇ ਬੈਠੇ।
ਬੀਤੇ ਦਿਨੀਂ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵੱਲੋਂ ਪੰਜਾਬੀ ਸਬੰਧੀ ਦਿੱਤੀ ਵਿਵਾਦਤ ਟਿੱਪਣੀ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਸਦਨ ਦੇ ਵਿਚਕਾਰ ਪਹੁੰਚ ਗਏ ਅਤੇ ਭਾਜਪਾ ਪ੍ਰਧਾਨ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਸ ਟਿੱਪਣੀ ਲਈ ਮੁਆਫ਼ੀ ਮੰਗਣ ਦੀ ਮੰਗ ਕਰਨ ਲੱਗੇ। ਇਸੇ ਦੌਰਾਨ ਮਾਹੌਲ ਉਸ ਵੇਲੇ ਹੋਰ ਖ਼ਰਾਬ ਹੋ ਗਿਆ ਜਦੋਂ ਇੱਕ ਭਾਜਪਾ ਕੌਂਸਲਰ ਨੇ ਸਦਨ ਦੇ ਅੰਦਰ ਹੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵਿਰੁੱਧ ਇਤਰਾਜ਼ਯੋਗ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਅਨਿਲ ਮਸੀਹ ਨੇ ਬੋਲਣਾ ਸ਼ੁਰੂ ਕੀਤਾ, ਤਾਂ ਪੁਰਾਣੇ ਮੇਅਰ ਚੋਣ ਵਿਵਾਦ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਨੇ ਇਕਜੁੱਟ ਹੋ ਕੇ ਅਨਿਲ ਮਸੀਹ ਨੂੰ ‘ਵੋਟ ਚੋਰ’ ਕਹਿਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਵਿਰੋਧੀ ਕੌਂਸਲਰਾਂ ਨੇ ਹੱਥਾਂ ਦੀਆਂ ਉਂਗਲਾਂ ਦੇ ਇਸ਼ਾਰਿਆਂ ਨਾਲ ‘8 ਵੋਟਾਂ’ ਦੀ ਚੋਰੀ ਦਾ ਹਵਾਲਾ ਦੇ ਕੇ ਮਸੀਹ ਨੂੰ ਜੰਮ ਕੇ ਘੇਰਿਆ।

Spread the love