ਚੰਡੀਗੜ੍ਹ, 30 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕਾਂ ਸਮੇਤ ਮਿਲਣ ਦਾ ਸਮਾਂ ਮੰਗਿਆ ਸੀ, ਪ੍ਰੰਤੂ ਹੁਣ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਸਮਾਂ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਫ਼ਤਵੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਮਿਲਣ ਲਈ 5 ਮਈ, ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਹੈ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ (MLAs) ਲਈ ਸਮਾਂ ਮੰਗਿਆ ਸੀ, ਪਰ ਮੈਨੂੰ ਇਕੱਲੇ ਨੂੰ ਹੀ ਮਿਲਣ ਦਾ ਸੱਦਾ ਮਿਲਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੈਂ ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਪਹੁੰਚਾਂਗਾ। ਮੇਰੇ ਸਾਥੀ ਵਿਧਾਇਕ ਬਾਹਰ ਰਹਿਣਗੇ ਅਤੇ ਮੈਂ ਅੰਦਰ ਜਾ ਕੇ ਸਾਰਿਆਂ ਵਲੋਂ ਪੰਜਾਬ ਦੀ ਆਵਾਜ਼ ਅਤੇ ਜਨਤਾ ਦੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਮਾਨਯੋਗ ਰਾਸ਼ਟਰਪਤੀ ਜੀ ਦੇ ਸਾਹਮਣੇ ਰੱਖਾਂਗਾ। ਮੁਲਾਕਾਤ ਤੋਂ ਬਾਅਦ ਅਗਲੀ ਰਣਨੀਤੀ ਸਾਂਝੀ ਕੀਤੀ ਜਾਵੇਗੀ। ਕੀਮਤੀ ਸਮਾਂ ਦੇਣ ਲਈ ਮਾਨਯੋਗ ਰਾਸ਼ਟਰਪਤੀ ਜੀ ਦਾ ਤਹਿ ਦਿਲੋਂ ਧੰਨਵਾਦ।

Spread the love