ਐਸ.ਏ.ਐਸ. ਨਗਰ (ਮੋਹਾਲੀ), 21 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀਸ.ਭਗਵੰਤ ਸਿੰਘ ਮਾਨਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਡਿਜੀਟਲਾਈਜ਼ੇਸ਼ਨ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹੋਇਆਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਇੱਕ ਅਹਿਮ ਮੋਬਾਈਲ ਐਪਲੀਕੇਸ਼ਨ`ਪੀਐਮਬੀ ਕੁਨੈਕਟ´ਲਾਂਚ ਕੀਤੀ ਗਈ। ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਸਮਾਗਮ ਦੌਰਾਨ ਇਸ ਐਪ ਨੂੰ ਲਾਂਚ ਕਰਦਿਆਂ ਸ. ਬਰਸਟ ਨੇ ਕਿਹਾ ਕਿ ਇਹ ਕਦਮ ਮੰਡੀ ਪ੍ਰਣਾਲੀ ਨੂੰ ਡਿਜੀਟਲਾਈਜ਼ ਕਰਨ ਅਤੇ ਹੋਰ ਸੁਖਾਲੀ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਐਪ ਰਾਹੀਂ ਖੇਤੀਬਾੜੀ ਸੈਕਟਰ ਨਾਲ ਜੁੜੇ ਸਾਰੇ ਸਟੇਕ ਹੋਲਡਰਾਂ,ਖਾਸ ਕਰਕੇ ਕਿਸਾਨਾਂ ਅਤੇ ਲਾਇਸੰਸ ਧਾਰਕਾਂ ਨੂੰ ਇੱਕੋ ਪਲੇਟਫਾਰਮ‘ਤੇ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇਸ ਮੌਕੇ ਤੇ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਹੀ ਯਤਨ ਹਨ ਕਿ ਕਿਸਾਨਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਪੀਐਮਬੀ ਕੁਨੈਕਟ ਮੋਬਾਇਲ ਐਪ ਇਸ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਹ ਐਪ ਸਿਰਫ਼ ਇੱਕ ਕਲਿੱਕ ਰਾਹੀਂ ਕਿਸਾਨਾਂ,ਲਾਇਸੰਸ ਧਾਰਕਾਂ,ਮਾਰਕੀਟ ਕਮੇਟੀਆਂਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਨਲਾਈਨ ਸੇਵਾਵਾਂ ਨਾਲ ਜੋੜੇਗੀ।

ਉਨ੍ਹਾਂ ਦੱਸਿਆ ਕਿ ਇਸ ਐਪ ਦੀ ਸਭ ਤੋਂ ਵੱਡੀ ਖ਼ਾਸੀਅਤ ਕਿਸਾਨਾਂ ਨੂੰ ਮਿਲਣ ਵਾਲੀ ਸਹੂਲਤ ਹੈ। ਹੁਣ ਕਿਸਾਨ ਆਪਣੇ ਸਾਰੇ ਜੇ-ਫਾਰਮ ਇੱਕੋ ਥਾਂ ‘ਤੇ ਪ੍ਰਾਪਤ ਕਰ ਸਕਦੇ ਹਨ। ਉਹ ਇਨ੍ਹਾਂ ਨੂੰ ਵੇਖ ਸਕਦੇ ਹਨ, ਡਾਊਨਲੋਡ ਕਰ ਸਕਦੇ ਹਨ ਅਤੇ ਲੋੜ ਪੈਣ ‘ਤੇ ਸਾਂਝਾ ਵੀ ਕਰ ਸਕਦੇ ਹਨ। ਇਸ ਸਹੂਲਤ ਨਾਲ ਕਿਸਾਨਾਂ ਦੀ ਲਾਇਸੰਸ ਧਾਰਕਾਂ ਅਤੇ ਸਰਕਾਰੀ ਦਫ਼ਤਰਾਂ ‘ਤੇ ਨਿਰਭਰਤਾ ਘਟੇਗੀ, ਕਿਉਂਕਿ ਉਨ੍ਹਾਂ ਕੋਲ ਆਪਣੇ ਸਾਰੇ ਰਿਕਾਰਡ ਮੋਬਾਈਲ ‘ਤੇ ਉਪਲਬਧ ਹੋਣਗੇ। ਇਸ ਤੋਂ ਇਲਾਵਾ ਲਾਇਸੰਸ ਧਾਰਕਾਂ ਲਈ ਇਹ ਐਪ ਉਨ੍ਹਾਂ ਦੇ ਕਾਰੋਬਾਰ ਨੂੰ ਸੁਖਾਲਾ ਬਣਾਏਗੀ। ਉਹ ਆਪਣੇ ਲਾਇਸੰਸ ਦੀ ਮਿਆਦ, ਨਵੀਨੀਕਰਨ ਅਤੇ ਹੋਰ ਸਬੰਧਤ ਜਾਣਕਾਰੀ ਇੱਕ ਕਲਿੱਕ ਨਾਲ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਇਹ ਐਪ ਅਧਿਕਾਰੀ ਅਤੇ ਕਰਮਚਾਰੀ ਲਈ ਵੀ ਬਹੁਤ ਲਾਹੇਵੰਦ ਹੈ। ਸੂਬੇ ਦੀਆਂ ਸਰਹੱਦਾਂ ‘ਤੇ ਫਸਲ ਦੀ ਆਮਦ ਦੀ ਜਾਂਚ ਦੌਰਾਨ ਇਹ ਐਪ ਬਹੁਤ ਹੀ ਅਹਿਮ ਭੂਮਿਕਾ ਨਿਭਾਏਗੀ। ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਐਪ ਰਾਹੀਂ ਲਾਇਸੰਸੀਧਾਰਕ ਦੀ ਜਾਣਕਾਰੀ ਤੁਰੰਤ ਚੈੱਕ ਕਰ ਸਕਦੇ ਹਨ। ਮੰਡੀ ਬੋਰਡ ਦਾ ਫੀਲਡ ਸਟਾਫ ਜੋ ਰੋਜਾਨਾ ਮੰਡੀ ਵਿੱਚ ਫਸਲ ਦੀ ਆਮਦ, ਖਰੀਦ ਅਤੇ ਚੁਕਾਈ ਦੀ ਰਿਪੋਰਟ ਕਰਦੇ ਹਨ, ਉਹ ਵੀ ਹੁਣ ਕਿਸੇ ਵੀ ਥਾਂ ਤੇ ਬੈਠ ਕੇ ਆਪਣੀ ਰਿਪੋਰਟ ਭੇਜ ਸਕਦੇ ਹਨ, ਇਸ ਨਾਲ ਡਾਟਾ ਪ੍ਰੋਸੈਸਿੰਗ ਤੇਜ਼ ਹੋਵੇਗਾ ਅਤੇ ਮੁੱਖ ਦਫ਼ਤਰ ਤੱਕ ਸਮੇਂ ਸਿਰ ਜਾਣਕਾਰੀ ਪਹੁੰਚੇਗੀ।

ਸ. ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਇਹ ਐਪ ਸੂਬੇ ਵਿੱਚ ਖੇਤੀਬਾੜੀ ਮੰਡੀਕਰਨ ਦੇ ਢਾਂਚੇ ਨੂੰ ਆਧੁਨਿਕ  ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਇਹ ਐਪ ਜਿੱਥੇ ਸਮੇਂ ਦੀ ਬਚਤ ਕਰੇਗੀ, ਉੱਥੇ ਹੀ ਕੰਮ ਦੀ ਗਤੀ ਨੂੰ ਵੀ ਵਧਾਏਗੀ। ਉਨ੍ਹਾਂ ਦੱਸਿਆ ਕਿ ਇਹ ਐਪ ਗੂਗਲ ਪਲੇਅ ਸਟੋਰ ਤੇ `ਪੀਐਮਬੀ ਕੁਨੈਕਟ´ (PMB Connect) ਨਾਮ ਨਾਲ ਉਪਲਬਧ ਹੈ। ਉਨ੍ਹਾਂ ਸਾਰੇ ਸਟੇਕਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਤਾਂ ਜੋ ਸਰਕਾਰੀ ਸੇਵਾਵਾਂ ਦਾ ਲਾਭ ਸਿੱਧਾ ਉਨ੍ਹਾਂ ਤੱਕ ਪਹੁੰਚ ਸਕੇ। ਇਸ ਮੌਕੇ ਜਤਿੰਦਰ ਸਿੰਘ ਭੰਗੂ ਇੰਜੀਨਿਅਰ-ਇਨ-ਚੀਫ਼, ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਮਨਿੰਦਰਜੀਤ ਸਿੰਘ ਬੇਦੀ ਡੀ.ਜੀ.ਐਮ., ਪ੍ਰੀਤ ਕੰਵਰ ਸਿੰਘ ਬਰਾੜ ਡੀ.ਜੀ.ਐਮ., ਮੁਕੇਸ਼ ਕੁਮਾਰ ਕੈਲੇ ਡੀ.ਜੀ.ਐਮ., ਅਮਨਦੀਪ ਸਿੰਘ ਸੰਧੂ ਡੀ.ਜੀ.ਐਮ., ਨਿਤਿਨ ਬਾਂਸਲ ਸਿਸਟਮ ਐਨਾਲਿਸਟ ਸਮੇਤ ਬੋਰਡ ਦੇ ਸਮੂੰਹ ਅਧਿਕਾਰੀ ਮੌਜੂਦ ਰਹੇ।

Spread the love