ਲੁਧਿਆਣਾ, 19 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬੀ ਗਾਇਕਾ ਇੰਦਰ ਕੌਰ ਉਰਫ ਯਸ਼ਇੰਦਰ ਕੌਰ ਦਾ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ 29 ਸਾਲਾ ਗਾਇਕਾ ਇੰਦਰ ਕੌਰ ਨੂੰ 6 ਦਿਨ ਪਹਿਲਾਂ ਬੰਦੂਕ ਦੀ ਨੋਕ ਉਤੇ ਅਗਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਉਸਦੀ ਲਗਾਤਾਰ ਭਾਲ ਕਰ ਰਿਹਾ ਸੀ। ਅੱਜ ਸਵੇਰੇ ਨੀਲੋ ਨਹਿਰ ਵਿੱਚ ਉਨ੍ਹਾਂ ਦੀ ਲਾਸ਼ ਮਿਲੀ ਹੈ।

ਮ੍ਰਿਤਕ ਦੇ ਭਰਾ ਨੇ ਕਿਹਾ ਕਿ ਇੰਦਰ ਕੌਰ ਬੀਤੇ 13 ਮਈ ਨੂੰ ਘਰੋਂ ਆਪਣੀ ਗੱਡੀ ਵਿੱਚ ਬਾਜ਼ਾਰ ਗਈ ਸੀ, ਪ੍ਰੰਤੂ ਵਾਪਸ ਨਹੀਂ ਆਈ। ਜਦੋਂ ਉਹ ਵਾਪਸ ਨਾ ਆਈ ਤਾਂ ਪਰਿਵਾਰ ਆਪਣੇ ਪੱਧਰ ਉਤੇ ਭਾਲ ਕਰ ਰਿਹਾ ਸੀ। ਇਸ ਤੋਂ ਬਾਅਦ ਪਤਾ ਲੱਗਿਆ ਕਿ ਯਸ਼ਇੰਦਰ ਦੀ ਦੋਸਤੀ ਸੁਖਵਿੰਦਰ ਸਿੰਘ ਉਰਫ ਸੁੱਖਾ ਨਾਮ ਦੇ ਵਿਅਕਤੀ ਨਾਲ ਸੀ, ਜੋ ਮੂਲ ਰੂਪ ਵਿੱਚ ਮੋਗੇ ਦਾ ਰਹਿਣ ਵਾਲਾ ਸੀ, ਪ੍ਰੰਤੂ ਹੁਣ ਆਪਣੇ ਪਰਿਵਾਰ ਨਾਲ ਕੈਨੇਡਾ ਰਹਿੰਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ 13 ਮਈ ਦੀ ਰਾਤ ਨੂੰ ਸੁਖਵਿੰਦਰ ਸਿੰਘ, ਉਸਦੇ ਪਿਤਾ, ਉਸਦੇ ਦੋਸਤ ਕਰਮਜੀਤ ਸਿੰਘ ਅਤੇ ਕੁਝ ਅਣਪਛਾਤੇ ਸਾਥੀਆਂ ਨਾਲ ਮਿਲਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਅਗਵਾ ਕਰਕੇ ਲੈ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਜ਼ਮ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਹੁਣ ਯਸ਼ਇੰਦਰ ਉਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ। ਇਸ ਸਬੰਧੀ ਯਸ਼ਇੰਦਰ ਨੇ ਮਨ੍ਹਾਂ ਕਰ ਦਿੱਤਾ। ਇਸ ਗੱਲ ਦਾ ਬਦਲਾ ਲੈਣ ਲਈ ਉਸ ਨੂੰ ਅਗਵਾ ਕੀਤਾ ਗਿਆ। ਦੂਜੇ ਪਾਸੇ ਥਾਣਾ ਜਮਾਲਪੁਰ ਦੇ ਇੰਚਾਰਜ ਨੇ ਕਿਹਾ ਕਿ ਨੀਲੋ ਨਹਿਰ ਵਿਚੋਂ ਲਾਸ਼ ਮਿਲਣ ਦੀ ਖਬਰ ਮਿਲੀ ਸੀ। ਪੁਲਿਸ ਮੌਕੇ ਉਤੇ ਪਹੁੰਚੀ ਅਤੇ ਲਾਸ਼ ਦੀ ਪਹਿਚਾਣ ਲਈ ਪਰਿਵਾਰ ਨੂੰ ਬੁਲਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Spread the love