ਮੋਹਾਲੀ, 19 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਗਗਨਦੀਪ ਜੰਮੂ ਦੀ ਗੱਡੀ ਉਤੇ ਖਰੜ ਵਿਖੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। ਐਡਵੋਕੇਟ ਗਗਨਦੀਪ ਜੰਮੂ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਹਨ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਦੇ ਪੁੱਤਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਗਗਨਦੀਪ ਜੰਮੂ ਆਪਣੀ ਇਨੋਵਾ ਐਸ.ਯੂ.ਵੀ. ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਅਣਪਛਾਤੇ ਹਮਲਾਵਰਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਾਈਮ ਏਸ਼ੀਆ ਦੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਕਾਇਰਾਨਾ ਅਤੇ ਘਿਨਾਉਣੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਬਾਰ ਐਸੋਸੀਏਸ਼ਨ ਦੇ ਮੌਜੂਦਾ ਸਕੱਤਰ ਪਰਮਪ੍ਰੀਤ ਸਿੰਘ ਬਾਜਵਾ (ਹੈਰੀ) ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ “ਇਹ ਹਮਲਾ ਸਿਰਫ਼ ਇੱਕ ਵਕੀਲ ‘ਤੇ ਨਹੀਂ, ਸਗੋਂ ਸਮੁੱਚੇ ਕਾਨੂੰਨੀ ਭਾਈਚਾਰੇ ਦੀ ਮਰਿਆਦਾ, ਆਜ਼ਾਦੀ ਅਤੇ ਨਿਡਰਤਾ ਨਾਲ ਕੰਮ ਕਰਨ ਦੇ ਅਧਿਕਾਰ ‘ਤੇ ਸਿੱਧਾ ਹਮਲਾ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਗਗਨਦੀਪ ਜੰਮੂ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਮੁੱਚਾ ਬਾਰ ਭਾਈਚਾਰਾ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ।” ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਵਕੀਲਾਂ ਲਈ ਢੁਕਵੀਂ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਬਾਰ ਦੇ ਮੈਂਬਰ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਿਭਾ ਸਕਣ। ਫ਼ਿਲਹਾਲ ਕੁਰਾਲੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ fir ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਸਵਾਲ ਹੈ ਕਿ ਆਖ਼ਿਰ ਵਕੀਲ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਅਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਹੀ ਰੇਕੀ ਕਰਕੇ ਜੰਮੂ ਨੂੰ ਟਾਰਗੇਟ ਕੀਤਾ ਗਿਆ। ਸ਼ਿਕਾਇਤ ਤੋਂ ਬਾਅਦ, ਮੋਹਾਲੀ ਪੁਲਿਸ ਨੇ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 109 (ਕਤਲ ਦੀ ਕੋਸ਼ਿਸ਼) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਹੈ।

Spread the love