ਅੰਮ੍ਰਿਤਸਰ, 12 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵੀਰਵਾਰ ਸ਼ਾਮ ਅਚਾਨਕ ਆਈ ਤੇਜ਼ ਹਨੇਰੀ ਅਤੇ ਝੱਖੜ ਨੇ ਸ਼ਹਿਰ ਵਿੱਚ ਕਈ ਥਾਵਾਂ ‘ਤੇ ਭਾਰੀ ਤਬਾਹੀ ਮਚਾ ਦਿੱਤੀ। ਦਿਨ ਭਰ ਦੀ ਤਪਦੀ ਗਰਮੀ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ। ਹਨੇਰੀ ਕਾਰਨ ਸ਼ਹਿਰ ਦੇ  ਲੋਹਗੜ੍ਹ ਇਲਾਕੇ ਵਿੱਚ ਦਰੱਖਤ ਡਿੱਗਣ, ਇਮਾਰਤਾਂ ਨੂੰ ਨੁਕਸਾਨ ਪਹੁੰਚਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਭ ਤੋਂ ਦੁਖਦਾਈ ਘਟਨਾ ਭਗਤਾਂ ਵਾਲਾ ਇਲਾਕੇ ਵਿੱਚ ਮਾਤਾ ਚਿੰਤਪੁਰਨੀ ਮੰਦਿਰ ਨੇੜੇ ਵਾਪਰੀ, ਜਿੱਥੇ ਤੇਜ਼ ਹਵਾਵਾਂ ਕਾਰਨ ਇੱਕ ਦੀਵਾਰ ਡਿੱਗ ਗਈ। ਇਸ ਹਾਦਸੇ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।  ਉੱਥੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਇੱਕ ਬਹੁ-ਮੰਜ਼ਲਾ ਹੋਟਲ ਦੇ ਬਾਹਰ ਲੱਗੀ ਵਿਸ਼ਾਲ ਕਰੇਨ ਵੀ ਤੇਜ਼ ਹਵਾਵਾਂ ਦਾ ਸਾਹਮਣਾ ਨਾ ਕਰ ਸਕੀ ਅਤੇ ਪਲਟ ਕੇ ਨੇੜਲੀ ਇੱਕ ਇਮਾਰਤ ਉੱਤੇ ਜਾ ਡਿੱਗੀ। ਇਸ ਘਟਨਾ ਵਿੱਚ ਭਾਵੇਂ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ, ਪਰ ਇਮਾਰਤ ਅਤੇ ਹੋਰ ਸੰਪਤੀ ਨੂੰ ਕਾਫੀ ਮਾਲੀ ਨੁਕਸਾਨ ਪਹੁੰਚਿਆ ਹੈ।  ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਅਤੇ ਹੋਰ ਸਬੰਧਤ ਵਿਭਾਗਾਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਦਰੱਖਤ ਨੂੰ ਹਟਾ ਕੇ ਆਵਾਜਾਈ ਮੁੜ ਬਹਾਲ ਕਰਵਾਈ। ਸ਼ਹਿਰ ਦੇ ਹੋਰ ਕਈ ਇਲਾਕਿਆਂ ਤੋਂ ਵੀ ਦਰੱਖਤ ਡਿੱਗਣ, ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਚਾਨਕ ਆਈ ਇਸ ਹਨੇਰੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਮੌਸਮ ਦੀਆਂ ਅਜਿਹੀਆਂ ਅਣਪੇਖੀਆਂ ਤਬਦੀਲੀਆਂ ਦੌਰਾਨ ਸੁਰੱਖਿਆ ਸਬੰਧੀ ਸਾਵਧਾਨੀਆਂ ਵਰਤਣਾ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪ੍ਰਭਾਵਿਤ ਥਾਵਾਂ ‘ਤੇ ਰਾਹਤ ਕਾਰਜ ਜਾਰੀ ਹਨ।

Spread the love