ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਸ਼ਾਈਨ ਵੀਜ਼ਾ ਕੰਸਲਟੈਂਸੀ, ਸੀ ਪੀ 67, ਇੰਪੀਰੀਅਲ ਟਾਵਰ, ਸੈਕਟਰ 67, ਮੋਹਾਲੀ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।

ਇਹ ਲਾਇਸੰਸ ਫਰਮ ਦੇ ਮਾਲਕ ਕਰਨਦੀਪ ਸਿੰਘ ਅਤੇ ਪਾਰਟਨਰ ਬਿਕਰਮਦੀਪ ਸਿੰਘ ਨੂੰ ਮੋਹਾਲੀ ਵਿਖੇ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਨ ਲਈ 6 ਅਗਸਤ 2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 5 ਅਗਸਤ 2029 ਤੱਕ ਸੀ।

ਏ.ਡੀ.ਸੀ. ਨੇ ਦੱਸਿਆ ਕਿ ਫਰਮ ਦੇ ਖਿਲਾਫ ਪੁਲਿਸ ਰਿਕਾਰਡ ਵਿੱਚ ਵੱਖ-ਵੱਖ ਮੁਕੱਦਮੇ ਦਰਜ ਹਨ। ਇਸ ਸਬੰਧੀ ਫਰਮ ਨੂੰ ਕਈ ਵਾਰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਅਤੇ ਮਹੀਨਾਵਾਰ ਰਿਪੋਰਟਾਂ ਮੰਗੀਆਂ ਗਈਆਂ ਸਨ, ਪਰ ਫਰਮ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਫਰਮ ਖਿਲਾਫ ਇੱਕ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ, ਜਿਸ ਦੀ ਜਾਂਚ ਲਈ ਮਾਮਲਾ ਐਸ.ਡੀ.ਐਮ. ਮੋਹਾਲੀ ਅਤੇ ਐਸ.ਐਸ.ਪੀ. ਐਸ.ਏ.ਐਸ. ਨਗਰ ਨੂੰ ਭੇਜਿਆ ਗਿਆ ਹੈ।

ਏ.ਡੀ.ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇ ਕਿਸੇ ਲਾਇਸੰਸ ਧਾਰਕ ਖਿਲਾਫ ਅਪਰਾਧਿਕ ਮਾਮਲੇ ਦਰਜ ਹੋ ਜਾਣ ਤਾਂ ਸਮਰੱਥ ਅਥਾਰਟੀ ਨੂੰ ਲਾਇਸੰਸ ਰੱਦ ਕਰਨ ਦਾ ਅਧਿਕਾਰ ਹੈ। ਇਸ ਅਧੀਨ ਕਾਰਵਾਈ ਕਰਦਿਆਂ ਫਰਮ ਦਾ ਲਾਇਸੰਸ ਨੰਬਰ 700/ਆਈ.ਸੀ. ਮਿਤੀ 06.08.2024, ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇ ਫਰਮ ਜਾਂ ਇਸਦੇ ਪਾਰਟਨਰਾਂ ਖਿਲਾਫ ਹੋਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਪੂਰੀ ਜਿੰਮੇਵਾਰੀ ਫਰਮ ਅਤੇ ਇਸਦੇ ਪਾਰਟਨਰਾਂ ਦੀ ਹੋਵੇਗੀ।

Spread the love