ਅੰਮ੍ਰਿਤਸਰ, 21 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਜਨਾਲਾ ਦੇ ਬਿਜਲੀ ਘਰ ਵਿਚ ਭਿਆਨਕ ਅੱਗ ਲੱਗਣ ਕਾਰਨ ਕਈ ਪਿੰਡਾਂ ਦੀ ਬੱਤੀ ਗੁੱਲ ਹੋ ਗਈ। ਅੱਜ ਅਚਾਨਕ ਹਾਈ ਵੋਲਟੇਜ ਕੇਬਲਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਨਗਰ ਪੰਚਾਇਤ ਦਫਤਰ ਅਜਨਾਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ’ਤੇ ਤਾਇਨਾਤ ਕਰਮਚਾਰੀਆਂ ਵਲੋਂ ਮੁਸ਼ਕਿਲ ਨਾਲ ਅੱਗ ਉਤੇ ਕਾਬੂ ਪਾਇਆ ਗਿਆ I ਮਿਲੀ ਜਾਣਕਾਰੀ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਪਲਾਂ ਵਿਚ ਹੀ ਹਾਈ ਵੋਲਟੇਜ ਕੇਬਲ ਤਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪਾਵਰਕਾਮ ਦੇ ਐਸ.ਡੀ.ਓ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ 66 ਕੇ.ਵੀ ਸਬ ਸਟੇਸ਼ਨ ਅਜਨਾਲਾ ਦੇ ਅੰਦਰ ਅੱਗ ਲੱਗ ਸਕਦੀ ਸੀ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ। ਉੱਧਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਅਜਨਾਲਾ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਵਿਭਾਗ ਵਲੋਂ ਸਪਲਾਈ ਜਲਦ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Spread the love