ਚੰਡੀਗੜ੍ਹ, 30 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

‘ਜਮਹੂਰੀ ਕਿਸਾਨ ਸਭਾ ਪੰਜਾਬ’ ਤੇ ‘ਪੰਜਾਬ ਕਿਸਾਨ ਯੂਨੀਅਨ’ ਦੇ ਪ੍ਰਮੁੱਖ ਆਗੂਆਂ ਦੀ ਸਾਂਝੀ ਮੀਟਿੰਗ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੀ 13-14 ਸਤੰਬਰ 2026 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਣ ਜਾ ਰਹੇ ‘ਕੁਲ ਹਿੰਦ ਕਿਸਾਨ ਮਹਾਸਭਾ’ ਦੇ ਕੌਮੀ ਡੈਲੀਗੇਟ ਅਜਲਾਸ ਦੀ ਮੇਜ਼ਬਾਨੀ ਦੋਨੋਂ ਸੰਗਠਨ ਸਾਂਝੇ ਤੌਰ ‘ਤੇ ਕਰਨਗੇ। ਮੀਟਿੰਗ ‘ਚ ਹਾਜਰ ਆਗੂਆਂ ਨੇ ਇਹ ਵੀ ਨਿਰਣਾ ਲਿਆ ਗਿਆ ਹੈ ਕਿ ਪਹਿਲੇ ਦਿਨ,13 ਸਤੰਬਰ ਨੂੰ ਸੂਬਾ ਪੱਧਰ ਦੀ ਵਿਸ਼ਾਲ ਕਿਸਾਨ ਰੈਲੀ ਵੀ ਕੀਤੀ ਜਾਵੇਗੀ। ਅਜਲਾਸ ਦੇ ਸੁਚਾਰੂ ਪ੍ਰਬੰਧ ਤੇ ਵਸੀਲੇ ਜੁਟਾਉਣ ਦੀ ਨਿੱਗਰ ਵਿਉਂਤਬੰਦੀ ਕਰਨ ਲਈ ਇਕ ਸਾਂਝੀ ਕਮੇਟੀ ਵੀ ਚੁਣੀ ਗਈ ਹੈ। ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ‘ਸ਼ਹੀਦ ਸਰਬਣ ਸਿੰਘ ਚੀਮਾ ਭਵਨ ਜਲੰਧਰ’ ਵਿਖੇ’ ਹੋਈ ਉਕਤ ਮੀਟਿੰਗ ਨੂੰ ‘ਕੁਲ ਹਿੰਦ ਕਿਸਾਨ ਮਹਾਸਭਾ’ ਦੇ ਪ੍ਰਧਾਨ ਰਾਜਾ ਰਾਮ ਸਿੰਘ (ਮੈਂਬਰ ਪਾਰਲੀਮੈਂਟ) ਨੇ ਸੰਬੋਧਨ ਕੀਤਾ। ਉਪਰੋਕਤ ਹਾਂ-ਪੱਖੀ ਨਿਰਣਿਆਂ ਦੀ ਵਧਾਈ ਦੇਣ ਲਈ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਹਾਜ਼ਰ ਹੋਏ। ਇਹ ਜਾਣਕਾਰੀ ਇੱਥੋਂ ਜਾਰੀ ਇਕ ਬਿਆਨ ਰਾਹੀਂ ਗੁਰਨਾਮ ਸਿੰਘ ਭੀਖੀ ਤੇ ਰਘਬੀਰ ਸਿੰਘ ਬੈਨੀਪਾਲ ਨੇ ਦਿੱਤੀ ਹੈ।
ਮੀਟਿੰਗ ਵਲੋਂ ਦੇਸ਼ ਦੀ ਕਿਰਤੀ ਵਸੋਂ, ਖਾਸ ਕਰਕੇ ਕਿਸਾਨੀ ਨੂੰ ਧਰਮ-ਜਾਤੀ, ਭਾਸ਼ਾ-ਖਿੱਤੇ ਆਦਿ ਦੇ ਨਾਂ ‘ਤੇ ਵੰਡ ਰਹੀਆਂ ਫਿਰਕ-ਫਾਸ਼ੀ, ਫੁੱਟਪਾਊ ਤਾਕਤਾਂ ਖਿਲਾਫ ਜਦੋਜਹਿਦ ਤਿੱਖੀ ਕਰਨ ਅਤੇ ਦੇਸ਼ ਨੂੰ ਨਵੇਂ ਸਿਰਿਓਂ ਸਾਮਰਾਜੀ ਗੁਲਾਮੀ ਦੀਆਂ ਬੇੜੀਆਂ ‘ਚ ਜਕੜਨ ਵਾਲੇ ਵਿਦੇਸ਼ ਵਪਾਰ ਸਮਝੌਤਿਆਂ ਖਿਲਾਫ ਪ੍ਰਚੰਡ ਲੋਕ ਸੰਗਰਾਮ ਵਿੱਢਣ ਦਾ ਨਿਰਣਾ ਲਿਆ ਗਿਆ ਹੈ। ਮੋਦੀ ਸਰਕਾਰ ਵਲੋਂ ਦੇਸ਼ ਦੇ ਅਰਥਚਾਰੇ, ਵਿਸ਼ੇਸ਼ ਤੌਰ ‘ਤੇ ਖੇਤੀ-ਕਿਸਾਨੀ ਨੂੰ ਤਬਾਹ ਕਰਨ ਵਾਲੇ ਬਿਜਲੀ ਤੇ ਬੀਜ ਸੋਧ ਬਿੱਲ 2020 ਰੱਦ ਕਰਨ ਅਤੇ ਮਗਨਰੇਗਾ ਐਕਟ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਮੀਟਿੰਗ ਨੇ ਪੰਜਾਬ ਦੇ ਕਿਸਾਨਾਂ-ਖੇਤੀ ਕਾਮਿਆਂ ਨੂੰ ਸੱਦਾ ਦਿੱਤਾ ਹੈ ਕਿ ਸੂਬੇ ‘ਚ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਯੂਰੀਆ ਘੋਟਾਲੇ ਖਿਲਾਫ ਸੜਕਾਂ ‘ਤੇ ਨਿੱਤਰਣ। ਸਰਵ ਸਾਥੀ ਰਤਨ ਸਿੰਘ ਰੰਧਾਵਾ, ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ, ਗੁਰਨਾਮ ਸਿੰਘ ਦਾਊਦ, ਬਲਵੀਰ ਸਿੰਘ ਮੂਧਲ, ਮਹੀਪਾਲ, ਕੰਵਲਜੀਤ ਸਿੰਘ, ਮੋਹਨ ਸਿੰਘ ਧਮਾਣਾ, ਅਸ਼ਵਨੀ ਕੁਮਾਰ ਲੱਖਣ ਕੇ ਵੀ ਮੋਜੂਦ ਸਨ।

Spread the love