ਚੰਡੀਗੜ੍ਹ 30 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਜਲੰਧਰ ਕੈਂਟ ਖੇਤਰ ਵਿੱਚ ਸ਼ਿਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮਜ਼ਬੂਤ ​​ਥੰਮ੍ਹ ਮੰਨੇ ਜਾਣ ਵਾਲੇ ਕਈ ਪ੍ਰਮੁੱਖ ਅਤੇ ਜ਼ਮੀਨੀ ਆਗੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਇਹਨਾਂ ਸਾਰੇ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਹਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਮੁੱਖ ਉਦੇਸ਼ ਪੰਜਾਬ ਦਾ ਸਰਬਪੱਖੀ ਵਿਕਾਸ ਅਤੇ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਸੰਤੁਸ਼ਟ ਹੈ, ਇਹੀ ਕਾਰਨ ਹੈ ਕਿ ਸੂਬੇ ਦੇ ਕੋਨੇ-ਕੋਨੇ ਤੋਂ ਸਤਿਕਾਰਤ ਅਤੇ ਤਜਰਬੇਕਾਰ ਆਗੂ ਲਗਾਤਾਰ ‘ਆਪ’ ਦਾ ਹਿੱਸਾ ਬਣ ਰਹੇ ਹਨ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਜਲੰਧਰ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ।

ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਮੁੱਖ ਤੌਰ ‘ਤੇ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਕੈਂਟ ਅਤੇ ਸਰਪੰਚ ਲਵਪ੍ਰੀਤ, ਭਾਜਪਾ ਦੇ ਕੈਂਟ ਬੋਰਡ ਜਲੰਧਰ ਦੇ ਯੂਥ ਪ੍ਰਧਾਨ ਆਰੀਅਨ ਭੱਟੀ, ਅਤੇ ਭਵਦਾਸ ਐਸਸੀ ਕਮਿਊਨਿਟੀ ਦੇ ਚੇਅਰਮੈਨ ਤੇ ਪੀਐਸਪੀਸੀਐਲਦੇ ਸੇਵਾਮੁਕਤ ਐਸਡੀਓ ਪਾਲ ਰਾਮ ਭੱਟੀ ਸ਼ਾਮਲ ਹਨ। ਇਨ੍ਹਾਂ ਦੇ ਨਾਲ ਹੀ ਭਾਜਪਾ ਦੇ ਜ਼ਿਲ੍ਹਾ ਬੁਲਾਰੇ ਹਰਸ਼ ਭਾਰਦਵਾਜ, ਜ਼ਿਲ੍ਹਾ ਜਨਰਲ ਸਕੱਤਰ ਰਮੇਸ਼ ਪਾਲ, ਭਾਜਪਾ ਦੇ ਯੂਥ ਵਾਈਸ ਪ੍ਰਧਾਨ ਮੋਹਿਤਪ੍ਰੀਤ ਸਿੰਘ, ਸ਼ਿਰੋਮਣੀ ਅਕਾਲੀ ਦਲ ਦੇ ਪੰਚਾਇਤ ਮੈਂਬਰ ਵਿਜੇ ਕੁਮਾਰ, ਰਾਜ ਰਾਣੀ ਅਤੇ ਅਮਰਜੀਤ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।

ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਦੀ ਗੁੱਟਬਾਜ਼ੀ ਅਤੇ ਲੋਕ-ਵਿਰੋਧੀ ਵਤੀਰੇ ਤੋਂ ਨਿਰਾਸ਼ ਸਨ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਫ਼-ਸੁਥਰੀ ਅਤੇ ਲੋਕ-ਪੱਖੀ ਕਾਰਜਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।

Spread the love