ਚੰਡੀਗੜ੍ਹ, 18 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੈਬ ਰਾਹੀਂ ਸਫਰ ਕਰਨ ਵਾਲਿਆਂ ਲਈ ਇਹ ਅਹਿਮ ਖਬਰ ਹੈ ਕਿ ਹੁਣ ਚੰਡੀਗੜ੍ਹ ਵਿੱਚ ਓਲਾ ਕੈਬ ਨਹੀਂ ਮਿਲੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਓਲਾ ਕੈਬ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਓਲਾ ਕੈਬ ਉਤੇ 6 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ। ਸਟੇਟ ਟ੍ਰਾਂਸਪੋਰਟ ਅਥਾਰਟੀ (STA), ਚੰਡੀਗੜ੍ਹ ਨੇ ਇੱਕ ਵੱਡੀ ਰੈਗੂਲੇਟਰੀ ਕਾਰਵਾਈ ਕਰਦੇ ਹੋਏ ਓਲਾ ਦੀ ਮੂਲ ਸੰਸਥਾ ‘ANI ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ’ ਦਾ ਐਗਰੀਗੇਟਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਯੂਟੀ ਚੰਡੀਗੜ੍ਹ ਦੇ ਸਟੇਟ ਟ੍ਰਾਂਸਪੋਰਟ ਅਥਾਰਟੀ ਦੇ ਸਕੱਤਰ ਨਿਤੀਸ਼ ਸਿੰਗਲਾ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਕੰਪਨੀ ‘ਤੇ ਚੰਡੀਗੜ੍ਹ ਪ੍ਰਸ਼ਾਸਨ ਮੋਟਰ ਵਹੀਕਲਜ਼ ਐਗਰੀਗੇਟਰਜ਼ ਨਿਯਮਾਂ ਦੀ ਕਥਿਤ ਉਲੰਘਣਾ ਦੇ ਗੰਭੀਰ ਦੋਸ਼ ਲੱਗੇ ਹਨ। ਟ੍ਰਾਂਸਪੋਰਟ ਅਥਾਰਟੀ ਨੂੰ ਕੈਬ ਡਰਾਈਵਰਾਂ ਅਤੇ ਹੋਰ ਹਿੱਸੇਦਾਰਾਂ ਵੱਲੋਂ ਲਗਾਤਾਰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਓਲਾ ਕੰਪਨੀ ਨਿਯਮਾਂ ਮੁਤਾਬਕ ਡਰਾਈਵਰਾਂ ਨੂੰ ਸਿਹਤ ਬੀਮਾ ਕਵਰੇਜ, ਮਿਆਦੀ ਬੀਮਾ ਲਾਭ, ਡਰਾਈਵਰ ਭਲਾਈ ਉਪਾਅ, ਅਤੇ ਲਾਜ਼ਮੀ ਟ੍ਰੇਨਿੰਗ ਵਰਗੀਆਂ ਸਹੂਲਤਾਂ ਨਹੀਂ ਦੇ ਰਹੀ ਸੀ, ਅਤੇ ਕਿਰਾਏ ਦੇ ਢਾਂਚੇ ਵਿੱਚ ਵੀ ਕਮੀਆਂ ਸਨ। ਸ਼ਿਕਾਇਤਾਂ ਮਿਲਣ ਉਤੇ ਪ੍ਰਸ਼ਾਸਨ ਵੱਲੋਂ ਕੰਪਨੀ ਦੇ ਨੁਮਾਇੰਦਿਆਂ ਨੂੰ ਕਈ ਵਾਰ ਕਮੀਆਂ ਦੂਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਪਰ ਮਾਮਲੇ ਨੇ ਉਦੋਂ ਹੋਰ ਗੰਭੀਰ ਮੋੜ ਲੈ ਲਿਆ ਜਦੋਂ ਜਾਂਚ ਕਮੇਟੀ ਨੇ ਪਾਇਆ ਕਿ ਕੰਪਨੀ ਨੇ ਲਾਇਸੈਂਸ ਦੀਆਂ ਸ਼ਰਤਾਂ ਦੇ ਉਲਟ, ਪ੍ਰਸ਼ਾਸਨ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਲਗਭਗ ਇੱਕ ਸਾਲ ਪਹਿਲਾਂ ਆਪਣਾ ਚੰਡੀਗੜ੍ਹ ਦਫ਼ਤਰ ਹੀ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਸੀ। ਨਿਯਮਾਂ ਦੀ ਇਸ ਵੱਡੀ ਅਣਦੇਖੀ ਕਾਰਨ ਹੁਣ ਪ੍ਰਸ਼ਾਸਨ ਨੇ ਅਗਲੇ 6 ਮਹੀਨਿਆਂ ਲਈ ਲਾਇਸੈਂਸ ਸਸਪੈਂਡ ਕਰਕੇ ਓਲਾ ‘ਤੇ ਸ਼ਿਕੰਜਾ ਕੱਸ ਦਿੱਤਾ ਹੈ।

Spread the love