ਪਟਿਆਲਾ, 25 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਟਿਆਲਾ ਤੋਂ ਇੱਕ ਬੇਹੱਦ ਦੁਖਦਾਈ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰਕ ਕਲੇਸ਼ ਨੇ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇੱਕ ਪਤੀ-ਪਤਨੀ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਸਮੇਤ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਘਟਨਾ ਵਿੱਚ ਤਿੰਨ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ, ਜਦਕਿ ਪਤੀ-ਪਤਨੀ ਨੂੰ ਸਥਾਨਕ ਲੋਕਾਂ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਖ਼ਬਰਾਂ ਮੁਤਾਬਕ ਪਤੀ ਅਤੇ ਪਤਨੀ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਘਰੇਲੂ ਕਲੇਸ਼ ਚੱਲ ਰਿਹਾ ਸੀ। ਇਹ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਦੋਵਾਂ ਨੇ ਬੱਚਿਆਂ ਸਮੇਤ ਮੌਤ ਨੂੰ ਗਲੇ ਲਗਾਉਣ ਦਾ ਖੌਫਨਾਕ ਕਦਮ ਚੁੱਕ ਲਿਆ ਅਤੇ ਪੂਰੇ ਪਰਿਵਾਰ ਸਮੇਤ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਜਿਵੇਂ ਹੀ ਪਰਿਵਾਰ ਨੇ ਨਹਿਰ ਵਿੱਚ ਛਾਲ ਮਾਰੀ, ਤਾਂ ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਮੁਸਤੈਦੀ ਦਿਖਾਈ। ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਪਤੀ-ਪਤਨੀ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ, ਪਰ ਅਫਸੋਸ ਕਿ ਉਹ ਤਿੰਨਾਂ ਮਾਸੂਮ ਬੱਚਿਆਂ ਨੂੰ ਬਚਾਉਣ ਵਿੱਚ ਅਸਫਲ ਰਹੇ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤਿੰਨੋਂ ਬੱਚੇ ਡੁੱਬ ਗਏ ਅਤੇ ਉਹਨਾਂ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜੀਵ ਗੋਤਾਖੋਰ ਦੀ ਅਗਵਾਈ ਹੇਠ 8-9 ਮੈਂਬਰੀ ਗੋਤਾਖੋਰ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਗੋਤਾਖੋਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਮਹਿਜ਼ 25 ਤੋਂ 30 ਮਿੰਟਾਂ ਦੇ ਅੰਦਰ ਹੀ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ। ਮ੍ਰਿਤਕ ਬੱਚਿਆਂ ਦੀ ਪਛਾਣ ਏਕਮ, ਰਾਧਾ ਅਤੇ ਮੁਸਕਾਨ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 7 ਸਾਲ, 12 ਸਾਲ ਅਤੇ 14 ਸਾਲ ਦੱਸੀ ਜਾ ਰਹੀ ਹੈ। ਇਹ ਪਰਿਵਾਰ ਜ਼ਿਲ੍ਹਾ ਮੋਹਾਲੀ ਦੇ ਪਿੰਡ ਮੌਜਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਥਾਣਾ ਗੰਡਾਖੇੜੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

Spread the love