ਸੋਨੀਪਤ, 25 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਰਿਆਣਾ ਦੇ ਸੋਨੀਪਤ ਦੇ ਕੁੰਡਲੀ ਇਲਾਕੇ ਵਿੱਚ ਖ਼ੌਫਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਟੀ.ਡੀ.ਆਈ. ਦੇ ਬੀ.ਪੀ.ਐੱਲ. ਫਲੈਟਸ ਵਿੱਚ ਇੱਕ ਸਿਰਫਿਰੇ ਨੇ ਟ੍ਰਿਪਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਹਮਲਾਵਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕੋ ਪਰਿਵਾਰ ਦੇ ਪਤੀ-ਪਤਨੀ ਅਤੇ ਇੱਕ ਹੋਰ ਮਹਿਲਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਸ ਖੂਨੀ ਖੇਡ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਪਤੀ-ਪਤਨੀ ਵਿਜੇ ਅਤੇ ਸੁਨੀਤਾ ਵਜੋਂ ਹੋਈ ਹੈ। ਇਹਨਾਂ ਦੇ ਨਾਲ ਹੀ ਉੱਥੇ ਮੌਜੂਦ ਸਵਿਤਾ ਨਾਮ ਦੀ ਇੱਕ ਹੋਰ ਮਹਿਲਾ ਦਾ ਵੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਇੰਨੀ ਭਿਆਨਕ ਸੀ ਕਿ ਤਿੰਨਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਉਹਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਜੋ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਉਹ ਇਹ ਹੈ ਕਿ ਇਸ ਤਿਹਰੇ ਕਤਲ ਕਾਂਡ ਨੂੰ ਕਿਸੇ ਬਾਹਰੀ ਵਿਅਕਤੀ ਨੇ ਨਹੀਂ, ਬਲਕਿ ਬੀ.ਪੀ.ਐੱਲ. ਫਲੈਟਸ ਵਿੱਚ ਹੀ ਰਹਿਣ ਵਾਲੇ ਇੱਕ ਸ਼ਖ਼ਸ ਨੇ ਅੰਜਾਮ ਦਿੱਤਾ ਹੈ। ਹਾਲਾਂਕਿ, ਕਤਲ ਦੇ ਅਸਲ ਕਾਰਨਾਂ ਅਤੇ ਦੋਸ਼ੀ ਦੀ ਪੀੜਤਾਂ ਨਾਲ ਕੀ ਰੰਜਿਸ਼ ਸੀ, ਇਸ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਫੋਰੈਂਸਿਕ ਟੀਮ ਵੱਲੋਂ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Spread the love