ਅੰਮ੍ਰਿਤਸਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਅੰਮ੍ਰਿਤਸਰ ਵਿੱਚ ਨਕਲੀ ਦੁੱਧ, ਪਨੀਰ ਅਤੇ ਖੋਏ ਦੇ ਵੱਡੇ ਪੱਧਰ ‘ਤੇ ਹੋ ਰਹੇ ਕਾਰੋਬਾਰ ਖ਼ਿਲਾਫ਼ ਪਸ਼ੂ ਪਾਲਕਾਂ ਅਤੇ ਕਿਸਾਨਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਇਲਾਕਿਆਂ ਵਿੱਚ ਸੰਥੈਟਿਕ ਦੁੱਧ, ਨਕਲੀ ਪਨੀਰ ਅਤੇ ਮਿਲਾਵਟੀ ਖੋਆ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ, ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ।
ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਡੀਸੀ ਦਫ਼ਤਰ ਨੇੜੇ ਦੁੱਧ ਡੋਲ ਕੇ ਆਪਣਾ ਰੋਸ ਜਤਾਇਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਮੰਗ ਪੱਤਰ ਦੇ ਰਹੇ ਹਨ, ਪਰ ਨਾ ਤਾਂ ਸਿਵਲ ਸਰਜਨ ਅਤੇ ਨਾ ਹੀ ਹੋਰ ਅਧਿਕਾਰੀਆਂ ਨੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ।
ਕਿਸਾਨਾਂ ਦਾ ਦੋਸ਼ ਹੈ ਕਿ ਸ਼ਹਿਰ ਦੇ ਕਈ ਹੋਟਲਾਂ, ਮੈਰਿਜ ਪੈਲਸਾਂ ਅਤੇ ਮਿੱਠਾਈ ਦੀਆਂ ਦੁਕਾਨਾਂ ਵਿੱਚ ਵੱਡੇ ਪੱਧਰ ‘ਤੇ ਨਕਲੀ ਪਨੀਰ ਅਤੇ ਖੋਆ ਵਰਤਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਮਾਨ ਰਸਾਇਣਕ ਪਦਾਰਥਾਂ ਅਤੇ ਘੱਟ ਗੁਣਵੱਤਾ ਵਾਲੇ ਮਾਲ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਲੋਕਾਂ ਦੀ ਸਿਹਤ ਲਈ ਬਹੁਤ ਖਤਰਨਾਕ ਹੈ।
ਪਸ਼ੂ ਪਾਲਕਾਂ ਨੇ ਕਿਹਾ ਕਿ ਇੱਕ ਪਾਸੇ ਮੱਝਾਂ ਅਤੇ ਪਸ਼ੂਆਂ ਦੀਆਂ ਕੀਮਤਾਂ ਦਿਨੋ-ਦਿਨ ਵੱਧ ਰਹੀਆਂ ਹਨ, ਚਾਰੇ ਅਤੇ ਦਵਾਈਆਂ ਦੇ ਖਰਚੇ ਵੀ ਕਾਫ਼ੀ ਵਧ ਗਏ ਹਨ, ਪਰ ਦੂਜੇ ਪਾਸੇ ਦੁੱਧ ਦਾ ਠੀਕ ਭਾਅ ਨਹੀਂ ਮਿਲ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਨਕਲੀ ਦੁੱਧ ਅਤੇ ਪਨੀਰ ਦੇ ਕਾਰੋਬਾਰ ਕਾਰਨ ਅਸਲੀ ਦੁੱਧ ਉਤਪਾਦਕਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਫੈਕਟਰੀਆਂ ਵਿੱਚ ਸਸਤੇ ਰੇਟਾਂ ‘ਤੇ ਸੰਥੈਟਿਕ ਦੁੱਧ ਅਤੇ ਨਕਲੀ ਪਨੀਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮਿਲਾਵਟੀ ਖਾਦ ਪਦਾਰਥ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਤੁਰੰਤ ਸ਼ਹਿਰ ਦੇ ਹੋਟਲਾਂ, ਪੈਲਸਾਂ, ਦੁੱਧ ਫੈਕਟਰੀਆਂ ਅਤੇ ਮਿੱਠਾਈ ਦੀਆਂ ਦੁਕਾਨਾਂ ‘ਤੇ ਛਾਪੇ ਮਾਰੇ ਅਤੇ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਇਸ ਮਾਮਲੇ ਵਿੱਚ ਗੰਭੀਰ ਕਦਮ ਨਹੀਂ ਚੁੱਕਦਾ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਿਰਫ਼ ਆਪਣੇ ਕਿੱਤੇ ਨੂੰ ਬਚਾਉਣ ਲਈ ਨਹੀਂ, ਸਗੋਂ ਸ਼ਹਿਰ ਵਾਸੀਆਂ ਦੀ ਸਿਹਤ ਦੀ ਰੱਖਿਆ ਲਈ ਵੀ ਲੜ ਰਹੇ ਹਨ।













