ਚੰਡੀਗੜ੍ਹ, 12 ਜੂਨ :

ਕੀ ਤੁਹਾਡਾ ਫ਼ੋਨ ਵੀ ਅਚਾਨਕ ਗਰਮ ਹੋ ਜਾਂਦਾ ਹੈ ਅਤੇ ਸਕ੍ਰੀਨ ‘ਤੇ ਮੈਸੇਜ ਆਉਂਦਾ ਹੈ ਕਿ ਇਸ ਨੂੰ ‘COOL DOWN’ (ਠੰਢਾ) ਕਰਨ ਦੀ ਲੋੜ ਹੈ? ਧੁੱਪ ਵਿੱਚ ਤਾਂ ਇਹ ਦਿੱਕਤ ਆਉਣਾ ਆਮ ਗੱਲ ਹੈ, ਪਰ ਕੀ ਕਈ ਵਾਰ ਛਾਂ ਵਿੱਚ ਖੜ੍ਹੇ ਹੋਵੋ ਜਾਂ ਘਰ ਬੈਠੇ ਹੋਵੋ ਤਾਂ ਵੀ ਤੁਹਾਡਾ ਮੋਬਾਇਲ (Mobile) ਗਰਮ ਹੋ ਜਾਂਦਾ ਹੈ। ਅਜਿਹਾ ਕਿਉਂ ਹੁੰਦਾ ਹੈ, ਜੇਕਰ ਫ਼ੋਨ ਗਰਮ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸਹੀ ਤਾਪਮਾਨ ‘ਤੇ ਕਿਵੇਂ ਲਿਆਂਦਾ ਜਾ ਸਕਦਾ ਹੈ, ਆਓ ਜਾਣਦੇ ਹਾਂ।

ਕਦੇ ਫਰਿੱਜ ’ਚ ਨਾ ਰੱਖੋ ਫੋਨ

ਸਭ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਦਾ ਧਿਆਨ ਰੱਖੋ ਕਿ ਫ਼ੋਨ ਨੂੰ ਜਲਦੀ ਠੰਢਾ ਕਰਨ ਦੇ ਚੱਕਰ ਵਿੱਚ ਕਦੇ ਵੀ ਉਸ ਨੂੰ ਫਰਿੱਜ ਜਾਂ ਫ੍ਰੀਜ਼ਰ ਵਿੱਚ ਨਾ ਰੱਖੋ। ਤਾਪਮਾਨ ਵਿੱਚ ਅਚਾਨਕ ਇੰਨਾ ਵੱਡਾ ਅੰਤਰ ਆਉਣ ਕਰਕੇ ਤੁਹਾਡੇ ਫ਼ੋਨ ਦੀ ਸਕ੍ਰੀਨ ਕਰੈਕ (ਟੁੱਟ) ਸਕਦੀ ਹੈ ਅਤੇ ਅੰਦਰੂਨੀ ਪਾਰਟਸ ਖ਼ਰਾਬ ਹੋ ਸਕਦੇ ਹਨ।

ਫ਼ੋਨ ਨੂੰ ‘ਕੂਲ ਡਾਊਨ’ ਕਰਨ ਦੇ ਆਸਾਨ ਤਰੀਕੇ :

  1. ਬੈਕਗ੍ਰਾਊਂਡ ਐਪ ਵੰਡ ਕਰੋ : ਅਕਸਰ ਸਾਡੇ ਮੋਬਾਇਲ ਵਿੱਚ ਕਈ ਐਪਸ ਬੈਕਗ੍ਰਾਊਂਡ ਵਿੱਚ ਖੁੱਲ੍ਹੇ ਰਹਿੰਦੇ ਹਨ, ਜਿਸ ਕਾਰਨ ਫ਼ੋਨ ਗਰਮ ਹੋਣ ਲੱਗਦਾ ਹੈ। ਇਹ ਐਪਸ ਜ਼ਿਆਦਾ ਪਾਵਰ ਕੰਜ਼ਿਊਮ (ਵਰਤੋਂ) ਕਰਦੇ ਹਨ, ਜਿਸ ਨਾਲ ਪ੍ਰੋਸੈਸਰ ‘ਤੇ ਜ਼ਰੂਰਤ ਤੋਂ ਜ਼ਿਆਦਾ ਦਬਾਅ ਪੈਂਦਾ ਹੈ। ਇਸ ਲਈ ਜਦੋਂ ਵੀ ਫ਼ੋਨ ਦਾ ਤਾਪਮਾਨ ਵਧੇ, ਸਭ ਤੋਂ ਪਹਿਲਾਂ ਸਾਰੀਆਂ ਐਪਸ ਬੰਦ ਕਰੋ।
  2. ਸਿੱਧੀ ਧੁੱਪ ਅਤੇ ਗਰਮਾਹਟ ਤੋਂ ਦੂਰ ਰੱਖੋ : ਤੇਜ਼ ਧੁੱਪ ਜਾਂ ਗਰਮ ਮਾਹੌਲ ਫ਼ੋਨ ਨੂੰ ਬਹੁਤ ਜਲਦੀ ਗਰਮ ਕਰ ਦਿੰਦਾ ਹੈ। ਅਜਿਹਾ ਅਕਸਰ ਗਰਮੀਆਂ ਵਿੱਚ ਬਾਹਰ ਜਾਣ ਵੇਲੇ ਜਾਂ ਫਿਰ ਕਾਰ ਦੇ ਡੈਸ਼ਬੋਰਡ ‘ਤੇ ਫ਼ੋਨ ਪਿਆ ਰਹਿਣ ਕਾਰਨ ਹੁੰਦਾ ਹੈ। ਇਸ ਦੇ ਨਾਲ ਹੀ ਫ਼ੋਨ ਨੂੰ ਬਹੁਤ ਜ਼ਿਆਦਾ ਠੰਢੀਆਂ ਥਾਂਵਾਂ ਜਿਵੇਂ ਕਿ ਆਈਸ ਰੂਮ ਜਾਂ ਕੋਲਡ ਸਟੋਰੇਜ ਵਿੱਚ ਲੈ ਕੇ ਜਾਣ ਤੋਂ ਵੀ ਬਚੋ।
  3. ਫ਼ੋਨ ਦਾ ਕਵਰ ਉਤਾਰੋ : ਅਸੀਂ ਫ਼ੋਨ ਨੂੰ ਸੁਰੱਖਿਅਤ ਰੱਖਣ ਲਈ ਉਸ ‘ਤੇ ਮੋਟਾ ਕਵਰ ਚੜ੍ਹਾ ਦਿੰਦੇ ਹਾਂ, ਪਰ ਇਹ ਕਵਰ ਕਈ ਵਾਰ ‘ਇਨਸੁਲੇਟਰ’ (ਗਰਮੀ ਰੋਕਣ) ਵਜੋਂ ਕੰਮ ਕਰਦਾ ਹੈ, ਜਿਸ ਨਾਲ ਫ਼ੋਨ ਦੇ ਅੰਦਰ ਦੀ ਗਰਮੀ ਬਾਹਰ ਨਹੀਂ ਨਿਕਲ ਪਾਉਂਦੀ। ਜੇਕਰ ਫ਼ੋਨ ਗਰਮ ਹੋ ਰਿਹਾ ਹੈ ਤਾਂ ਕਵਰ ਉਤਾਰ ਦਿਓ ਅਤੇ ਹਮੇਸ਼ਾ ਹਲਕੇ ਤੇ ਹਵਾਦਾਰ ਕਵਰ ਦੀ ਵਰਤੋਂ ਕਰੋ।
  4. ਏਅਰਪਲੇਨ ਮੋਡ ਚਾਲੂ ਕਰੋ : ਜਦੋਂ ਫ਼ੋਨ ਲਗਾਤਾਰ ਵਾਈ-ਫਾਈ, ਬਲੂਟੁੱਥ ਜਾਂ ਮੋਬਾਈਲ ਡਾਟਾ ਸਰਚ ਕਰਦਾ ਹੈ, ਤਾਂ ਵੀ ਇਸ ਦੇ ਗਰਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਫ਼ੋਨ ਨੂੰ ਨਾਰਮਲ ਕਰਨ ਲਈ ਕੁਝ ਦੇਰ ਵਾਸਤੇ ‘ਏਅਰਪਲੇਨ ਮੋਡ’ ‘ਤੇ ਲਗਾ ਦਿਓ।
  5. ਵਾਧੂ ‘ਜੰਕ’ (Junk) ਫਾਈਲਾਂ ਡਿਲੀਟ ਕਰੋ ਆਪਣੇ ਫ਼ੋਨ ਦੀ ਮੈਮੋਰੀ ਨੂੰ ਸਾਫ਼ ਰੱਖੋ। ਜਿਹੜੀਆਂ ਐਪਸ ਤੁਸੀਂ ਵਰਤਦੇ ਨਹੀਂ, ਉਨ੍ਹਾਂ ਨੂੰ ਅਨਇੰਸਟਾਲ ਕਰੋ, ਐਪਸ ਦਾ ‘ਕੈਸ਼ ਕਲੀਅਰ’ (Cache Clear) ਕਰੋ ਅਤੇ ਗੈਰ-ਜ਼ਰੂਰੀ ਫੋਲਡਰਾਂ ਤੇ ਫਾਈਲਾਂ ਨੂੰ ਡਿਲੀਟ ਕਰ ਦਿਓ।
  6. ਹਮੇਸ਼ਾ ਅਸਲੀ (Original) ਚਾਰਜਰ ਦੀ ਵਰਤੋਂ ਕਰੋ : ਬਹੁਤ ਸਾਰੇ ਲੋਕ ਫ਼ੋਨ ਚਾਰਜ ਕਰਨ ਲਈ ਕਿਸੇ ਵੀ ਲੋਕਲ ਚਾਰਜਰ ਜਾਂ ਕੇਬਲ ਦੀ ਵਰਤੋਂ ਕਰ ਲੈਂਦੇ ਹਨ। ਇਹ ਨਾ ਸਿਰਫ਼ ਚਾਰਜਿੰਗ ਸਪੀਡ ਨੂੰ ਘੱਟ ਕਰਦਾ ਹੈ, ਸਗੋਂ ਬੈਟਰੀ ਅਤੇ ਫ਼ੋਨ ਨੂੰ ਬਹੁਤ ਜ਼ਿਆਦਾ ਗਰਮ ਵੀ ਕਰ ਦਿੰਦਾ ਹੈ। ਹਮੇਸ਼ਾ ਕੰਪਨੀ ਦਾ ਅਸਲੀ ਚਾਰਜਰ ਅਤੇ ਸਹੀ ਉਪਕਰਣ ਹੀ ਵਰਤੋ।

ਪੇਸ਼ਕਸ਼ : ਦਪਿੰਦਰ ਕੌਰ ਪੂਨੀਆ

Spread the love