ਚੰਡੀਗੜ੍ਹ, 30 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਦੇ ਇਤਿਹਾਸਕ ਕਸਬੇ ਫਾਰੂਖਾਬਾਦ (ਮੰਡੀ ਚੂੜਕਾਣਾ) ਵਿੱਚ ਸਥਿਤ ਕਰੀਬ 125 ਸਾਲ ਪੁਰਾਣੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਇਤਿਹਾਸਕ ਇਮਾਰਤ ਨੂੰ ਭੂ-ਮਾਫੀਆ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ। ਬੀਤੇ ਸ਼ੁੱਕਰਵਾਰ (26 ਜੂਨ) ਪ੍ਰਸ਼ਾਸਨ ਨਾਲ ਕਥਿਤ ਮਿਲੀਭੁਗਤ ਕਰਕੇ ਮਾਫੀਆ ਨੇ ਇਸ ਇਤਿਹਾਸਕ ਧਰੋਹਰ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ। ਜਿਵੇਂ ਹੀ ਇਸ ਭੰਨਤੋੜ ਦੀ ਖ਼ਬਰ ਸਥਾਨਕ ਸਿੱਖ ਸੰਗਤ ਅਤੇ ਐਕਟਿਵਿਸਟਾਂ ਤੱਕ ਪਹੁੰਚੀ, ਤਾਂ ਭਾਈਚਾਰੇ ਵਿੱਚ ਭਾਰੀ ਰੋਸ ਫੈਲ ਗਿਆ। ਸੰਗਤ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਖ਼ਤ ਵਿਰੋਧ ਦਰਜ ਕਰਵਾਇਆ, ਜਿਸ ਕਾਰਨ ਮਾਫੀਆ ਨੂੰ ਕੰਮ ਅੱਧ ਵਿਚਾਲੇ ਛੱਡ ਕੇ ਭੱਜਣਾ ਪਿਆ। ਫਿਲਹਾਲ ਸਥਾਨਕ ਪ੍ਰਸ਼ਾਸਨ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਜਾਂ ਨਿਰਮਾਣ ‘ਤੇ ਰੋਕ ਲਗਾ ਦਿੱਤੀ ਹੈ। ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਬਿਲਕੁਲ ਨਜ਼ਦੀਕ ਸਥਿਤ ਇਹ ਇਮਾਰਤ ਪਾਕਿਸਤਾਨ ਦੀਆਂ ਇਤਿਹਾਸਕ ਧਰੋਹਰਾਂ ਦੀ ਸੂਚੀ ਵਿੱਚ ਸ਼ਾਮਲ ਹੈ। 1947 ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਸੁੰਨਾ ਹੋ ਗਿਆ ਸੀ। ਸਾਲ 1960 ਵਿੱਚ ਪਾਕਿਸਤਾਨ ਸਰਕਾਰ ਨੇ ਇਹ ਜਗ੍ਹਾ ਭਾਰਤ ਤੋਂ ਆਏ ਸ਼ਰਨਾਰਥੀਆਂ ਨੂੰ ਰਹਿਣ ਲਈ ਅਲਾਟ ਕੀਤੀ ਸੀ। ਨਿਯਮਾਂ ਮੁਤਾਬਕ ਇਸ ਦੇ ਮੂਲ ਢਾਂਚੇ ਨਾਲ ਛੇੜਛਾੜ ਦੀ ਸਖ਼ਤ ਮਨਾਹੀ ਸੀ।

ਪਰ ਦੋਸ਼ ਹਨ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਕੀਮਤੀ ਜ਼ਮੀਨ ‘ਤੇ ਭੂ-ਮਾਫੀਆ ਦੀ ਅੱਖ ਸੀ। ਚਾਰ ਸਾਲ ਪਹਿਲਾਂ ਤੱਕ ਇਸ ਦੀਆਂ ਪੁਰਾਣੀਆਂ ਨਿਸ਼ਾਨੀਆਂ ਬਿਲਕੁਲ ਸੁਰੱਖਿਅਤ ਸਨ, ਪਰ ਹੌਲੀ-ਹੌਲੀ ਸਾਜ਼ਿਸ਼ ਤਹਿਤ ਪਹਿਲਾਂ ਇਸ ਦਾ ਮੁੱਖ ਗੁੰਬਦ ਤੋੜਿਆ ਗਿਆ ਅਤੇ ਹੁਣ ਇਮਾਰਤ ਨੂੰ ਨਿਸਤਨਾਬੂਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ‘ਇਵੈਕਿਊਏਸ਼ਨ ਟਰੱਸਟ ਪ੍ਰਾਪਰਟੀ ਬੋਰਡ’ (ETPB) ਅਤੇ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (PSGPC) ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਿੱਖ ਪੰਥ ਦੇ ਮਹਾਨ ਜਰਨੈਲ ਜਥੇਦਾਰ ਕਰਤਾਰ ਸਿੰਘ ਝੱਬਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਾਲ 1912 ਵਿੱਚ ਚੂਹੜਕਾਣਾ ਵਿਖੇ ‘ਖਾਲਸਾ ਦੀਵਾਨ ਖਰਾ ਸੌਦਾ ਬਾਰ’ ਦਾ ਗਠਨ ਕੀਤਾ ਸੀ। ਇਸੇ ਸੰਸਥਾ ਅਧੀਨ ਸਾਲ 1918 ਵਿੱਚ ਭਾਈ ਮੂਲ ਸਿੰਘ ਗੁਰਮੁਲਾ ਵੱਲੋਂ ਖਰੀਦੀ 13 ਕਨਾਲ ਜ਼ਮੀਨ ‘ਤੇ ਇਸ ਗੁਰਦੁਆਰਾ ਸਾਹਿਬ ਅਤੇ ਇੱਕ ਮਿਡਲ ਸਕੂਲ ਦੀ ਸਥਾਪਨਾ ਕੀਤੀ ਗਈ ਸੀ। ਅੱਜ ਵੀ ਇਸ ਇਮਾਰਤ ਦੇ ਮੁੱਖ ਹਿੱਸੇ ‘ਤੇ ਗੁਰਮੁਖੀ ਅੱਖਰਾਂ ਵਿੱਚ ਉਕਰੇ ਇਤਿਹਾਸਕ ਸ਼ਬਦ ਵੰਡ ਦੇ ਦਰਦ ਅਤੇ ਸਿੱਖ ਇਤਿਹਾਸ ਦੀ ਗਵਾਹੀ ਭਰਦੇ ਹਨ।

Spread the love