ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

“ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਨਿੱਜੀ ਦਫ਼ਤਰਾਂ ਵਿਚ ਚੈਕਿੰਗ ਕੀਤੀ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਨਗਰ ਨਿਗਮ ਦਫ਼ਤਰ ਮੋਹਾਲੀ ਵਿਚ ਚੱਲ ਰਹੀ ਜਾਂਚ ਮੁਹਿੰਮ ਦਾ ਨਿਰੀਖਣ ਕੀਤਾ।

ਉਨ੍ਹਾਂ ਦੱਸਿਆ ਕਿ ਟੀਮਾਂ ਨੇ ਨਗਰ ਨਿਗਮ ਦੀ ਇਮਾਰਤ ਵਿਚ ਵੱਖ-ਵੱਖ ਥਾਈਂ ਕੰਟੇਨਰ ਚੈੱਕ ਕੀਤੇ ਅਤੇ ਕਿਤੇ ਵੀ ਲਾਰਵਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਮਾਰਤ ਅੰਦਰ ਕਿਸੇ ਵੀ ਥਾਂ ਪਾਣੀ ਨਹੀਂ ਖੜ੍ਹਾ ਸੀ ਅਤੇ ਹਰ ਕਿਸੇ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਡੇਂਗੂ ਬੁਖ਼ਾਰ ਤੋਂ ਬਚਣ ਲਈ ਕਿਸੇ ਵੀ ਜਗ੍ਹਾ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਅਗਵਾਈ ਹੇਠ ਸਿਹਤ ਵਰਕਰਾਂ, ਆਸ਼ਾ ਵਰਕਰਾਂ, ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦਾ ਲਾਰਵਾ ਲੱਭਣ ਲਈ ਕੰਟੇਨਰ ਚੈੱਕ ਕੀਤੇ ਅਤੇ ਮੱਛਰ ਦੀ ਪੈਦਾਇਸ਼ ਵਾਲੀਆਂ ਹੋਰ ਸੰਭਾਵੀ ਥਾਵਾਂ ਦਾ ਨਿਰੀਖਣ ਕੀਤਾ। ਮੌਕੇ ’ਤੇ ਮੌਜੂਦ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਵਿਸਥਾਰਪੂਰਵਕ ਸਮਝਾਇਆ ਗਿਆ।
ਡਾ. ਅਨਾਮਿਕਾ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਸਾਰੇ ਜ਼ਿਲ੍ਹੇ ਵਿਚ ਚੱਲ ਰਹੀ ਹੈ। ਅਧਿਕਾਰੀਆਂ ਸਮੇਤ ਹੋਰ ਸਟਾਫ਼ ਜਿਥੇ ਘਰ-ਘਰ ਜਾ ਕੇ ਸਰਵੇਖਣ ਕਰ ਰਹੇ ਹਨ, ਉਥੇ ਚਾਲਾਨ ਕੱਟਣ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਰਵੇ ਦੌਰਾਨ ਕੰਟੇਨਰ, ਗਮਲੇ, ਕੂਲਰ, ਫ਼ਰਿੱਜ, ਬਕਸੇ ਅਤੇ ਹੋਰ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁਝ ਦਿਨਾਂ ਵਿਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ, ਜਿਹੜਾ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡੇਂਗੂ ਬੁਖ਼ਾਰ ਦੇ ਲੱਛਣ

ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।

Spread the love