ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ:
ਮਗਸੀਪਾ, ਪੰਜਾਬ ਵੱਲੋਂ ਉਦਯੋਗ ਤੇ ਵਣਜ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਰੇਜ਼ਿੰਗ ਐਂਡ ਐਕਸਿਲਰੇਟਿੰਗ ਐਮ.ਐਸ.ਐਮ.ਈ. ਪਰਫਾਰਮੈਂਸ (ਰੈਂਪ) ਸਕੀਮ ਅਧੀਨ ਇੱਕ ਸਮਰੱਥਾ ਵਿਕਾਸ ਪ੍ਰੋਗਰਾਮ ਅਤੇ ਅੰਤਰ-ਰਾਜੀ ਉਦਯੋਗਿਕ ਐਕਸਪੋਜ਼ਰ ਦੌਰੇ ਦਾ ਆਯੋਜਨ ਵੀਰਵਾਰ ਨੂੰ ਜੇਐਸ ਕੇ ਇਲੈਕਟਰੀਕਲਜ਼ ਪ੍ਰਾਈਵੇਟ ਲਿਮਿਟਡ, ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਕੀਤਾ ਗਿਆ।
ਇਹ ਪ੍ਰੋਗਰਾਮ ਇਲੈਕਟ੍ਰਾਨਿਕ ਸਿਸਟਮ ਡਿਜ਼ਾਇਨ ਐਂਡ ਮੈਨੂਫੈਕਚਰਿੰਗ ਖੇਤਰ ਨਾਲ ਸੰਬੰਧਿਤ ਐਮ.ਐਸ.ਐਮ.ਈ. ਉਦਯੋਗਪਤੀਆਂ ਅਤੇ ਉਦਯੋਗਿਕ ਪ੍ਰਤਿਨਿਧੀਆਂ ਲਈ ਆਯੋਜਿਤ ਕੀਤਾ ਗਿਆ। ਇਸਦਾ ਉਦੇਸ਼ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ, ਆਧੁਨਿਕ ਨਿਰਮਾਣ ਪ੍ਰਣਾਲੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਅੰਤਰ-ਰਾਜੀ ਉਦਯੋਗਿਕ ਸਹਿਯੋਗ ਅਤੇ ਨੈੱਟਵਰਕਿੰਗ ਨੂੰ ਉਤਸ਼ਾਹਿਤ ਕਰਨਾ ਸੀ।
ਇਹ ਪ੍ਰੋਗਰਾਮ ਡਾ. ਸੰਜੀਵ ਚੱਢਾ ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਮੰਜੁਲਾ ਵਰਮਾ, ਸੰਕੇਤ ਜੈਨ ਅਤੇ ਡਾ. ਦੀਪਤੀ ਸਮੇਤ ਆਯੋਜਕ ਟੀਮ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।
ਪ੍ਰੋਗਰਾਮ ਦੌਰਾਨ ਰੈਂਪ ਸਕੀਮ ਦਾ ਸੰਖੇਪ ਜਾਇਜ਼ਾ, ਆਧੁਨਿਕ ਇਲੈਕਟ੍ਰਿਕਲ ਮੈਨੂਫੈਕਚਰਿੰਗ ਪ੍ਰਕਿਰਿਆਵਾਂ, ਸਵਿਚ-ਗਿਅਰ ਅਤੇ ਕੰਟਰੋਲ ਪੈਨਲ ਉਤਪਾਦਨ ਪ੍ਰਣਾਲੀਆਂ, ਵਾਇਰ ਅਤੇ ਕੇਬਲ ਨਿਰਮਾਣ ਸੰਬੰਧੀ ਜਾਣਕਾਰੀ, ਗੁਣਵੱਤਾ ਪ੍ਰਬੰਧਨ ਪ੍ਰਣਾਲੀਆਂ, ਐਕਸਪੋਰਟ ਤਿਆਰੀ ਅਤੇ ਉਦਯੋਗਿਕ ਸਰਵੋਤਮ ਪ੍ਰਥਾਵਾਂ ਦੇ ਅਪਣਾਏ ਜਾਣ ਸਬੰਧੀ ਵਿਸਥਾਰਪੂਰਵਕ ਸੈਸ਼ਨ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ਦਾ ਉਦੇਸ਼ ਐਮ.ਐਸ.ਐਮ.ਈ. ਇਕਾਈਆਂ ਦੀ ਮੁਕਾਬਲਾਤਮਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਸੀ।
ਇਸ ਮੌਕੇ ਪੰਜਾਬ ਉਦਯੋਗਿਕ ਵਿਕਾਸ ਨੀਤੀ-2026 ਸਬੰਧੀ ਇੱਕ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਐਸ. ਐਮ. ਗੋਇਲ ਵੱਲੋਂ ਉਦਯੋਗਿਕ ਪ੍ਰੋਤਸਾਹਨਾਂ, ਨੀਤੀਗਤ ਪਹਿਲਕਦਮੀਆਂ ਅਤੇ ਪੰਜਾਬ ਵਿੱਚ ਐਮ.ਐਸ.ਐਮ.ਈ. ਇਕਾਈਆਂ ਲਈ ਉਪਲਬਧ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਹ ਸੈਸ਼ਨ ਭਾਗੀਦਾਰ ਉਦਯੋਗਪਤੀਆਂ ਲਈ ਬਹੁਤ ਹੀ ਗਿਆਨ ਭਰਪੂਰ ਸਾਬਤ ਹੋਇਆ।
ਉਦਯੋਗਿਕ ਐਕਸਪੋਜ਼ਰ ਦੌਰੇ ਦੌਰਾਨ ਭਾਗੀਦਾਰਾਂ ਨੂੰ ਆਧੁਨਿਕ ਨਿਰਮਾਣ ਪ੍ਰਣਾਲੀਆਂ ਅਤੇ ਉਦਯੋਗਿਕ ਕਾਰਜ ਪ੍ਰਣਾਲੀ ਬਾਰੇ ਵਿਵਹਾਰਿਕ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਦੌਰੇ ਰਾਹੀਂ ਉਦਯੋਗਪਤੀਆਂ ਨੇ ਉਤਪਾਦਨ ਕੁਸ਼ਲਤਾ, ਗੁਣਵੱਤਾ ਪ੍ਰਬੰਧਨ ਅਤੇ ਇਲੈਕਟ੍ਰਿਕਲ ਮੈਨੂਫੈਕਚਰਿੰਗ ਖੇਤਰ ਵਿੱਚ ਅਪਣਾਈਆਂ ਜਾ ਰਹੀਆਂ ਨਵੀਨਤਮ ਉਦਯੋਗਿਕ ਪ੍ਰਥਾਵਾਂ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਪ੍ਰਾਪਤ ਕੀਤਾ।
ਆਯੋਜਕ ਟੀਮ ਵੱਲੋਂ ਮਨਿੰਦਰ ਸਿੰਘ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਮੋਹਾਲੀ, ਕੰਵਰਪ੍ਰੀਤ ਕੌਰ, ਫੰਕਸ਼ਨਲ ਮੈਨੇਜਰ ਅਤੇ ਵਪਾਰ ਸਹਾਇਕ ਸ਼੍ਰੀ ਅਜੈ ਅਤੇ ਜਸਮਿੰਦਰ ਕੌਰ ਦਾ ਪ੍ਰੋਗਰਾਮ ਦੀ ਸਫਲ ਆਯੋਜਨਾਂ ਲਈ ਕੀਤੇ ਕੀਮਤੀ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਭਾਗੀਦਾਰਾਂ ਵੱਲੋਂ ਮਗਸੀਪਾ ਅਤੇ ਉਦਯੋਗ ਅਤੇ ਵਪਾਰ ਵਿਭਾਗ ਪੰਜਾਬ ਦੇ ਇਸ ਯਤਨ ਦੀ ਸਰਾਹਨਾ ਕਰਦਿਆਂ ਕਿਹਾ ਗਿਆ ਕਿ ਰੈਂਪ ਸਕੀਮ ਅਧੀਨ ਇਸ ਤਰ੍ਹਾਂ ਦੇ ਵਿਵਹਾਰਿਕ ਅਤੇ ਉਦਯੋਗ ਕੇਂਦ੍ਰਿਤ ਪ੍ਰੋਗਰਾਮ ਐਮ.ਐਸ.ਐਮ.ਈ. ਇਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।













