ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਮਈ, 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਫ਼ਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਚਲਾਈ ਜਾ ਰਹੀ ਮੁਹਿੰਮ ਤਹਿਤ, ਦਫਤਰ ਗੰਨਾ ਕਮਿਸ਼ਨਰ ਪੰਜਾਬ ਅਤੇ ਸਮੂਹ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵਲੋਂ ਪਿਛਲੇ ਇੱਕ ਮਹੀਨੇ ਤੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੰਜਾਬ ਭਰ ਦੀਆਂ ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਸਹਿਯੋਗ ਨਾਲ ਇੱਕੋ ਦਿਨ 375 ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ 3956 ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਗੰਨਾ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਤੇ ਗੰਨੇ ਦੀ ਕਾਸ਼ਤ ਵਿਚ ਖਾਦਾਂ, ਖ਼ਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਮੁਤਾਬਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਹੁਣ ਤੱਕ 1264 ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਸ ਵਿਚ ਤਕਰੀਬਨ 32589 ਗੰਨਾ ਕਾਸ਼ਤਕਾਰਾਂ ਸ਼ਾਮਿਲ ਹੋਏ ਹਨ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ, ਆਮ ਫ਼ਸਲਾਂ ਜਿਵੇਂ ਕਣਕ ਝੋਨੇ, ਮੱਕੀ ਆਦਿ ਨਾਲੋਂ, ਗੰਨੇ ਦੀ ਫ਼ਸਲ ਨੂੰ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਪੀ ਏ ਯੂ ਲੁਧਿਆਣਾ ਵਲੋਂ ਬੀਜੜ੍ਹ ਗੰਨੇ ਦੀ ਫ਼ਸਲ ਲਈ 135 ਕਿਲੋ ਯੂਰੀਆ ਅਤੇ ਮੂਢੀ ਫ਼ਸਲ ਲਈ 195 ਕਿਲੋ ਯੂਰੀਆ ਪ੍ਰਤੀ ਏਕੜ ਸਿਫਾਰਸ਼ ਕੀਤੀ ਗਈ ਹੈ ਪ੍ਰੰਤੂ ਗੰਨਾ ਕਾਸ਼ਤਕਾਰਾਂ ਵਲੋਂ ਸਿਫਾਰਸ਼ਾਂ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਉਨ੍ਹਾਂ ਦੱਸਿਆ ਕਿ ਧਿਆਨ ਵਿਚ ਆਇਆ ਹੈ ਕਿ ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੀ ਫ਼ਸਲ ਨੂੰ ਸਿਫਾਰਸ਼ਾਂ ਤੋਂ ਵੱਧ ਖਾਦਾਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਸਤੰਬਰ ਮਹੀਨੇ ਦੌਰਾਨ, ਜਦੋਂ ਪੂਰੇ ਗੰਨੇ ਬਣ ਚੁੱਕੇ ਹੁੰਦੇ ਹਨ ਤਾਂ ਵੀ ਗੰਨਾ ਕਾਸ਼ਤਕਾਰਾਂ ਵਲੋਂ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਪੋਗੇ ਗੰਨੇ ਅਤੇ ਮੁੱਢ ਤੋਂ ਹੋਰ ਫੋਟ ਫੁੱਟਦੀ ਹੈ ਜੋ ਪੀੜ੍ਹਨਯੋਗ ਗੰਨਿਆਂ ਵਿਚ ਤਬਦੀਲ ਨਹੀਂ ਹੁੰਦੇ ਹਨ ਅਤੇ ਪਹਿਲਾਂ ਬਣੇ ਗੰਨਿਆਂ ਦਾ ਭਾਰ ਘਟਾਉਣ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਖਾਦ ਦੀ ਵਰਤੋਂ ਕਰਨ ਨਾਲ ਗੰਨੇ ਦੀ ਫਸਲ ਵਧੇਰੇ ਡਿੱਗਦੀ ਹੈ, ਕੀੜੇ-ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਅਤੇ ਖੰਡ ਦੀ ਰਿਕਵਰੀ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ, ਇਸ ਲਈ ਵਧੇਰੇ ਪੈਦਾਵਾਰ ਅਤੇ ਖੰਡ ਰਿਕਵਰੀ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਤਕਰੀਬਨ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਤੋਂ ਇਲਾਵਾ ਫਾਸਫੇਟਿਕ ਅਤੇ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜੇਕਰ ਮਿੱਟੀ ਪਰਖ ਦੀ ਰਿਪੋਰਟ ਮੁਤਾਬਕ ਫਾਸਫੋਰਸ ਤੱਤ ਦੀ ਘਾਟ ਹੈ ਤਾਂ 75 ਕਿਲੋ ਸਿੰਗਲ ਸਪਰਫਾਸਫੇਟ ਖਾਦ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਸਿਫਾਰਸ਼ਾਂ ਮੁਤਾਬਕ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫ਼ਸਲ ਦੇ ਉੱਗਣ ਉਪਰੰਤ, ਪਹਿਲੇ ਪਾਣੀ ਤੋਂ ਪਹਿਲਾਂ, ਪਹਿਲੀ ਕਿਸ਼ਤ 65 ਕਿਲੋ ਯੂਰੀਆ ਫ਼ਸਲ ਦੀਆਂ ਲਾਈਨਾਂ ਦੇ ਨਾਲ-ਨਾਲ ਪਾਉਣੀ ਚਾਹੀਦੀ ਹੈ ਅਤੇ ਬਾਕੀ ਦੀ 65 ਕਿਲੋ ਯੂਰੀਆ ਮਈ -ਜੂਨ ਵਿਚ ਪਾ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਮੂਢੀ ਫ਼ਸਲ ਨੂੰ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ, ਪਹਿਲਾ 65 ਕਿਲੋ ਯੂਰੀਆ ਦੀ ਕਿਸ਼ਤ ਗੋਡੀ ਜਾਂ ਵਾਹੀ ਸਮੇਂ, ਦੂਜੀ ਕਿਸ਼ਤ ਅਪ੍ਰੈਲ ਅਤੇ ਤੀਜੀ ਕਿਸ਼ਤ ਮਈ ਵਿਚ ਪਾ ਦੇਣੀ ਚਾਹੀਦੀ ਹੈ।













