ਨਵੀਂ ਦਿੱਲੀ, 09 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ ਪੈਣ ‘ਤੇ ਭਾਜਪਾ ਅਤੇ ਪੀਐਮ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਸਹਾਰੇ ਭਾਜਪਾ ਅਤੇ ਮੋਦੀ ਜੀ ਨੇ ਪੰਜਾਬ ਨੂੰ ਲਲਕਾਰਿਆ ਹੈ। ਪੰਜਾਬ ਨਾ ਪਹਿਲਾਂ ਝੁਕਿਆ ਸੀ ਅਤੇ ਨਾ ਹੁਣ ਝੁਕੇਗਾ। ਪੰਜਾਬ ਹੀ ਭਾਜਪਾ ਅਤੇ ਈਡੀ ਦੇ ਵਿਚਕਾਰ ਅਨੈਤਿਕ ਗਠਜੋੜ ਨੂੰ ਖਤਮ ਕਰੇਗਾ। ਪੰਜਾਬ ਗੁਰੂਆਂ ਦੀ ਧਰਤੀ ਹੈ। ਪੰਜਾਬ ਨੇ ਔਰੰਗਜ਼ੇਬ ਨੂੰ ਵੀ ਜਵਾਬ ਦਿੱਤਾ ਸੀ ਅਤੇ ਹੁਣ 2027 ਦੀਆਂ ਚੋਣਾਂ ਵਿੱਚ ਮੋਦੀ ਜੀ ਨੂੰ ਵੀ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਦੇ ਘਰ ਇਕੱਠੇ ਈਡੀ ਦੀ ਰੇਡ ਹੋਈ ਸੀ। ਅਸ਼ੋਕ ਮਿੱਤਲ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਰੇਡ ਬੰਦ ਹੋ ਗਈ, ਪਰ ਸੰਜੀਵ ਅਰੋੜਾ ਨੇ ਇਨਕਾਰ ਕਰ ਦਿੱਤਾ ਤਾਂ ਫਿਰ ਤੋਂ ਰੇਡ ਹੋ ਗਈ।
ਸ਼ਨੀਵਾਰ ਨੂੰ “ਆਪ” ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ ਚੱਲ ਰਹੀ ਹੈ। ਈਡੀ ਦਾ ਕੰਮ ਹੈ ਕਿ ਦੇਸ਼ ਦੇ ਅੰਦਰ ਜੇਕਰ ਕਿਤੇ ਮਨੀ ਲਾਂਡਰਿੰਗ ਹੋ ਰਹੀ ਹੈ, ਤਾਂ ਉਸ ਨੂੰ ਰੋਕਣਾ ਅਤੇ ਉਸ ਦੀ ਜਾਂਚ ਕਰਨਾ। ਜੇਕਰ ਇਸ ਮਕਸਦ ਨਾਲ ਈਡੀ ਆਪਣੀ ਕਾਰਵਾਈ ਕਰੇ, ਤਾਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਪਰ ਜਦੋਂ ਤੋਂ ਇਸ ਦੇਸ਼ ਦੇ ਅੰਦਰ ਮੋਦੀ ਜੀ ਦਾ ਰਾਜ ਆਇਆ ਹੈ, ਸੀਬੀਆਈ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੰਮ ਨਹੀਂ ਕਰਦੀ ਅਤੇ ਨਾ ਹੀ ਈਡੀ ਮਨੀ ਲਾਂਡਰਿੰਗ ਰੋਕਣ ਲਈ ਕੰਮ ਕਰਦੀ ਹੈ। ਉਹ ਸਿਰਫ਼ ਤੇ ਸਿਰਫ਼ ਦੂਜੀਆਂ ਪਾਰਟੀਆਂ ਨੂੰ ਤੋੜਨ, ਉਨ੍ਹਾਂ ਦੇ ਆਗੂਆਂ ਨੂੰ ਡਰਾਉਣ-ਧਮਕਾਉਣ ਅਤੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਦਾ ਕੰਮ ਕਰਦੀਆਂ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਨੀਵਾਰ ਸਵੇਰ ਤੋਂ ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ ਚੱਲ ਰਹੀ ਹੈ, ਇਹ ਵੀ ਉਸੇ ਦਿਸ਼ਾ ਵਿੱਚ ਇੱਕ ਕਾਰਵਾਈ ਹੈ। ਸੰਜੀਵ ਅਰੋੜਾ ਦੇ ਘਰ ਈਡੀ ਕੋਈ ਮਨੀ ਲਾਂਡਰਿੰਗ ਦੀ ਜਾਂਚ ਕਰਨ ਨਹੀਂ ਆਈ ਹੈ। ਸੰਜੀਵ ਅਰੋੜਾ ਦੇ ਇੱਥੇ ਪਿਛਲੇ ਇੱਕ ਮਹੀਨੇ ਦੇ ਅੰਦਰ ਈਡੀ ਦੀ ਇਹ ਦੂਜੀ ਰੇਡ ਹੈ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਈਡੀ ਆਈ ਸੀ ਅਤੇ ਸੰਜੀਵ ਅਰੋੜਾ ਦੇ ਗੁੜਗਾਓਂ, ਲੁਧਿਆਣਾ ਅਤੇ ਦਿੱਲੀ ਦੇ ਸਾਰੇ ਟਿਕਾਣਿਆਂ ‘ਤੇ ਰੇਡ ਕੀਤੀ। ਇਹ ਰੇਡ ਤਿੰਨ ਦਿਨ ਚੱਲੀ। ਉਨ੍ਹਾਂ ਤਿੰਨ ਦਿਨਾਂ ਦੀ ਰੇਡ ਵਿੱਚ ਈਡੀ ਨੂੰ ਕੀ ਨਹੀਂ ਮਿਲਿਆ, ਜੋ ਅੱਜ ਲੱਭਣ ਆਏ ਹਨ। ਉਸੇ ਵੇਲੇ ਅਸ਼ੋਕ ਮਿੱਤਲ ਦੇ ਇੱਥੇ ਰੇਡ ਹੋਈ ਸੀ। ਉਨ੍ਹਾਂ ਦੇ ਇੱਥੇ ਵੀ ਤਿੰਨ ਦਿਨ ਰੇਡ ਚੱਲੀ ਅਤੇ ਉਸ ਰੇਡ ਤੋਂ ਬਾਅਦ ਅਸ਼ੋਕ ਮਿੱਤਲ ਨੇ ਭਾਜਪਾ ਜੁਆਇਨ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਦੇ ਇੱਥੇ ਰੇਡ ਖਤਮ ਹੋ ਗਈ ਅਤੇ ਉਨ੍ਹਾਂ ਦਾ ਸਾਰਾ ਮਾਮਲਾ ਰਫ਼ਾ-ਦਫ਼ਾ ਹੋ ਗਿਆ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਜੀਵ ਅਰੋੜਾ ਨੇ ਭਾਜਪਾ ਜੁਆਇਨ ਨਹੀਂ ਕੀਤੀ। ਉਸ ਦਿਨ ਸੰਜੀਵ ਅਰੋੜਾ ‘ਤੇ ਕਾਫੀ ਦਬਾਅ ਪਾਇਆ ਗਿਆ ਕਿ ਭਾਜਪਾ ਜੁਆਇਨ ਕਰ ਲਓ। ਜੇਕਰ ਉਹ ਉਸ ਦਿਨ ਭਾਜਪਾ ਜੁਆਇਨ ਕਰ ਲੈਂਦੇ, ਤਾਂ ਸ਼ਾਇਦ ਅੱਜ ਈਡੀ ਦੀ ਰੇਡ ਨਾ ਹੁੰਦੀ। ਅੱਜ ਈਡੀ ਦੀ ਰੇਡ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਹੋਈ ਹੈ ਕਿ ਉਨ੍ਹਾਂ ਨੇ ਭਾਜਪਾ ਜੁਆਇਨ ਕਿਉਂ ਨਹੀਂ ਕੀਤੀ। ਜਾਂ ਤਾਂ ਭਾਜਪਾ ਜੁਆਇਨ ਕਰ ਲਓ, ਨਹੀਂ ਤਾਂ ਗ੍ਰਿਫਤਾਰ ਕਰ ਲਏ ਜਾਓਗੇ। ਇਸ ਲਈ ਅੱਜ ਈਡੀ ਦੀ ਰੇਡ ਹੋਈ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਮੋਦੀ ਰਾਜ ਦੇ ਅੰਦਰ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਖਾਸ ਤੌਰ ‘ਤੇ ਪੰਜਾਬ ਨੂੰ ਟਾਰਗੇਟ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨਾਲ ਧੱਕਾ, ਨਾਇਨਸਾਫ਼ੀ ਅਤੇ ਅਨਿਆਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 4 ਸਾਲਾਂ ਵਿੱਚ ਮੋਦੀ ਜੀ ਨੇ ਪੰਜਾਬ ਵਿੱਚ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਸਾਹਮਣੇ ਮੋਦੀ ਜੀ ਨੂੰ ਝੁਕਣਾ ਪਿਆ। ਪਿਛਲੇ ਚਾਰ ਸਾਲਾਂ ਤੋਂ ਪੇਂਡੂ ਵਿਕਾਸ ਦਾ ਹਜ਼ਾਰਾਂ ਕਰੋੜ ਰੁਪਿਆ, ਜਿਸ ਨਾਲ ਮੰਡੀਆਂ ਅਤੇ ਪਿੰਡ-ਪਿੰਡ ਦੀਆਂ ਸੜਕਾਂ ਬਣਨੀਆਂ ਹੁੰਦੀਆਂ ਹਨ, ਉਹ ਪ੍ਰਧਾਨ ਮੰਤਰੀ ਜੀ ਨੇ ਰੋਕ ਦਿੱਤਾ। ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਚੰਡੀਗੜ੍ਹ ਨੂੰ ਹਰਿਆਣਾ ਨੂੰ ਟਰਾਂਸਫਰ ਕਰਨ ਅਤੇ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਪਾਣੀ ਉੱਪਰ ਡਾਕਾ ਮਾਰਨ ਅਤੇ ਬੀਬੀਐਮਬੀ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਨਾ ਜਾਣੇ ਕਿੰਨੇ ਮਾਮਲੇ ਹਨ, ਜਿੱਥੇ ਕੇਂਦਰ ਸਰਕਾਰ ਅਤੇ ਮੋਦੀ ਜੀ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੇ ਹਨ। ਹੁਣ ਪਿਛਲੇ ਕੁਝ ਦਿਨਾਂ ਤੋਂ ਰੋਜ਼ ਬੱਸ ਇੱਕ ਹੀ ਖਬਰ ਹੈ ਕਿ ਅੱਜ ਈਡੀ ਨੇ ਇੱਥੇ ਰੇਡ ਕਰ ਦਿੱਤੀ, ਅੱਜ ਉੱਥੇ ਰੇਡ ਕਰ ਦਿੱਤੀ। ਜਿਵੇਂ ਹੀ ਬੰਗਾਲ ਦੀਆਂ ਚੋਣਾਂ ਖਤਮ ਹੋਈਆਂ, ਦਿੱਲੀ ਤੋਂ ਈਡੀ ਦੀ ਪੂਰੀ ਦੀ ਪੂਰੀ ਟੀਮ ਪੰਜਾਬ ਦੇ ਅੰਦਰ ਆ ਗਈ ਹੈ। ਇਨ੍ਹਾਂ ਦਾ ਮਕਸਦ ਕੋਈ ਕਾਲਾ ਧਨ ਜਾਂ ਮਨੀ ਲਾਂਡਰਿੰਗ ਲੱਭਣਾ ਨਹੀਂ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਖੁਦ ਆਪਣੇ ਭਾਸ਼ਣ ਵਿੱਚ ਸ਼ੁਭੇਂਦੂ ਅਧਿਕਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਸੰਗੀਨ ਇਲਜ਼ਾਮ ਲਗਾਏ ਸਨ। ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਖਿਲਾਫ ਸੰਗੀਨ ਇਲਜ਼ਾਮ ਲਗਾਏ, ਤਾਂ ਇਹ ਛੋਟੀ ਗੱਲ ਨਹੀਂ ਹੈ। ਕਿਸੇ ਐਰੇ-ਗੈਰੇ, ਭਾਜਪਾ ਦੇ ਕਿਸੇ ਬੁਲਾਰੇ ਜਾਂ ਛੋਟੇ ਆਗੂ ਨੇ ਇਲਜ਼ਾਮ ਨਹੀਂ ਲਗਾਏ ਸਨ, ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਸ਼ੁਭੇਂਦੂ ਅਧਿਕਾਰੀ ਖਿਲਾਫ ਇਲਜ਼ਾਮ ਲਗਾਏ ਸਨ। ਅੱਜ ਪ੍ਰਧਾਨ ਮੰਤਰੀ ਜੀ ਖੁਦ ਉਨ੍ਹਾਂ ਨੂੰ ਆਪਣੇ ਹੱਥੀਂ ਮੁੱਖ ਮੰਤਰੀ ਦੀ ਸਹੁੰ ਦਿਵਾ ਕੇ ਆਏ ਹਨ। ਅਮਿਤ ਸ਼ਾਹ ਨੇ ਹਿਮੰਤਾ ਬਿਸਵਾ ਸਰਮਾ ਖਿਲਾਫ ਭ੍ਰਿਸ਼ਟਾਚਾਰ ਦੇ ਸੰਗੀਨ ਇਲਜ਼ਾਮ ਲਗਾਏ ਸਨ, ਉਨ੍ਹਾਂ ਨੂੰ ਵੀ ਇਨ੍ਹਾਂ ਨੇ ਅਸਾਮ ਦਾ ਮੁੱਖ ਮੰਤਰੀ ਬਣਾ ਦਿੱਤਾ। ਅਜੀਤ ਪਵਾਰ ਖਿਲਾਫ ਪ੍ਰਧਾਨ ਮੰਤਰੀ ਨੇ ਖੁਦ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸਨ ਅਤੇ ਉਸ ਦੇ ਛੇ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਉਪ-ਮੁੱਖ ਮੰਤਰੀ ਬਣਾ ਦਿੱਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ੁਭੇਂਦੂ ਅਧਿਕਾਰੀ ਦੇ ਖਿਲਾਫ ਈਡੀ ਨਹੀਂ ਜਾਵੇਗੀ, ਈਡੀ ਸੰਜੀਵ ਅਰੋੜਾ ਦੇ ਖਿਲਾਫ ਜਾਵੇਗੀ। ਹਿਮੰਤਾ ਬਿਸਵਾ ਸਰਮਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਗ੍ਰਿਫਤਾਰ ਕੇਜਰੀਵਾਲ ਨੂੰ ਕੀਤਾ ਜਾਵੇਗਾ। ਅਜੀਤ ਪਵਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਗ੍ਰਿਫਤਾਰ ਮਨੀਸ਼ ਸਿਸੋਦੀਆ ਨੂੰ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਸਾਰਿਆਂ ਨੇ ਭਾਜਪਾ ਜੁਆਇਨ ਕਰ ਲਈ। ਇਨ੍ਹਾਂ ਦਾ ਮਕਸਦ ਦੇਸ਼ ਤੋਂ ਭ੍ਰਿਸ਼ਟਾਚਾਰ ਦੂਰ ਕਰਨਾ ਜਾਂ ਮਨੀ ਲਾਂਡਰਿੰਗ ਰੋਕਣਾ ਨਹੀਂ ਹੈ। ਇਨ੍ਹਾਂ ਦਾ ਮਕਸਦ ਕੇਵਲ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਭਾਜਪਾ ਵਿੱਚ ਸ਼ਾਮਲ ਕਰਵਾਉਣਾ ਹੈ। ਅੱਜ ਪੰਜਾਬ ਦੇ ਅੰਦਰ ਇਨ੍ਹਾਂ ਕੋਲ ਚੋਣਾਂ ਵਿੱਚ ਖੜ੍ਹੇ ਕਰਨ ਲਈ ਆਗੂ ਨਹੀਂ ਹਨ। ਇਸੇ ਲਈ ਇਹ ਦੂਜੀਆਂ ਪਾਰਟੀਆਂ ਨੂੰ ਤੋੜ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਮੋਦੀ ਜੀ ਨੂੰ ਪੂਰੀ ਨਿਮਰਤਾ ਨਾਲ ਯਾਦ ਦਿਵਾਉਂਦਿਆਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਅੱਜ ਮੋਦੀ ਜੀ ਜੋ ਪੰਜਾਬ ਨਾਲ ਅੱਤਿਆਚਾਰ ਕਰ ਰਹੇ ਹਨ, ਉਹ ਸਾਨੂੰ ਕਈ ਸੌ ਸਾਲ ਪਹਿਲਾਂ ਦੇ ਉਸ ਵਕਤ ਦੀ ਯਾਦ ਦਿਵਾਉਂਦਾ ਹੈ ਜਦੋਂ ਔਰੰਗਜ਼ੇਬ ਨੇ ਭਾਰਤ ਦੇ ਅੰਦਰ ਥਾਂ-ਥਾਂ ਅੱਤਿਆਚਾਰ ਕਰਕੇ ਕਈ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਸੀ। ਅੱਜ ਮੋਦੀ ਜੀ ਨੇ ਬੇਈਮਾਨੀ ਕਰਕੇ ਭਾਰਤ ਦੇ ਕਈ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਹੈ। ਉਸ ਤੋਂ ਬਾਅਦ ਔਰੰਗਜ਼ੇਬ ਦੀ ਨਜ਼ਰ ਪੰਜਾਬ ਦੇ ਉੱਪਰ ਪਈ ਸੀ। ਪੂਰੇ ਦੇਸ਼ ‘ਤੇ ਬੇਈਮਾਨੀ ਨਾਲ ਕਬਜ਼ਾ ਕਰਨ ਤੋਂ ਬਾਅਦ ਹੁਣ ਮੋਦੀ ਜੀ ਦੀ ਨਜ਼ਰ ਵੀ ਪੰਜਾਬ ਦੇ ਉੱਪਰ ਪਈ ਹੈ। ਔਰੰਗਜ਼ੇਬ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਅੱਤਿਆਚਾਰ ਕੀਤਾ ਸੀ ਅਤੇ ਮੋਦੀ ਜੀ ਵੀ ਪੰਜਾਬ ਦੇ ਲੋਕਾਂ ਨਾਲ ਬਹੁਤ ਅੱਤਿਆਚਾਰ ਕਰ ਰਹੇ ਹਨ। ਪਰ ਉਸ ਵਕਤ ਸਾਡੇ ਗੁਰੂ ਸਾਹਿਬਾਨ ਨੇ ਔਰੰਗਜ਼ੇਬ ਦੇ ਅੱਤਿਆਚਾਰ ਅਤੇ ਅਨਿਆਂ ਦਾ ਸਾਹਮਣਾ ਕੀਤਾ ਅਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਹੋ ਕੇ ਅੱਜ ਪੰਜਾਬ ਦੇ ਲੋਕ ਖੜ੍ਹੇ ਹੋ ਕੇ ਮੋਦੀ ਜੀ ਦੇ ਅੱਤਿਆਚਾਰ ਅਤੇ ਅਨਿਆਂ ਦਾ ਸਾਹਮਣਾ ਕਰਨਗੇ ਅਤੇ ਪੂਰੇ ਦੇਸ਼ ਨੂੰ ਮੋਦੀ ਰਾਜ ਦੇ ਅਨਿਆਂ ਅਤੇ ਅੱਤਿਆਚਾਰ ਤੋਂ ਮੁਕਤੀ ਦਿਵਾਉਣਗੇ।
ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਕਿਹਾ ਕਿ 4 ਸਾਲ ਪਹਿਲਾਂ ਜਦੋਂ ਤੁਸੀਂ ਤਿੰਨ ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਤਦ ਵੀ ਤੁਸੀਂ ਪੰਜਾਬ ਨਾਲ ਖਿਲਵਾੜ ਕਰ ਚੁੱਕੇ ਹੋ। ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਗੋਡੇ ਟੇਕਣੇ ਪਏ ਸਨ। ਅੱਜ ਤੁਸੀਂ ਫਿਰ ਪੰਜਾਬ ਨੂੰ ਲਲਕਾਰਿਆ ਹੈ, ਜਿਸ ਨੂੰ ਪੰਜਾਬ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਮੈਂ ਮੋਦੀ ਜੀ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਪੰਜਾਬ ਨਾਲ ਧੱਕੇਸ਼ਾਹੀ ਕਰਨਾ ਬੰਦ ਕਰੋ।












