ਖੰਨਾ, 26 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੋਰਾਹਾ ਥਾਣਾ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ 5 ਕਿਲੋ 100 ਗ੍ਰਾਮ ਹੈਰੋਇਨ ਅਤੇ ਕਰੀਬ 1.50 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਦੌਰਾਨ ਇਸ ਨੈੱਟਵਰਕ ਦੇ ਸਬੰਧ ਗੈਂਗਸਟਰ ਜੈਪਾਲ ਭੁੱਲਰ ਗੈਂਗ ਨਾਲ ਵੀ ਸਾਹਮਣੇ ਆਏ ਹਨ। ਇਸ ਸਬੰਧੀ  ਐਸਐਸਪੀ ਦਰਪਣ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ 7 ਮਾਰਚ 2026 ਨੂੰ ਹੋਈ, ਜਦੋਂ ਦੋਰਾਹਾ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਇਟਿਓਸ ਕਾਰ ਵਿੱਚੋਂ ਅਕਸ਼ੈ ਕੁਮਾਰ ਵਾਸੀ ਲੁਧਿਆਣਾ ਨੂੰ 301 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ‘ਤੇ 268 ਗ੍ਰਾਮ ਹੋਰ ਹੈਰੋਇਨ, 10 ਗ੍ਰਾਮ ਆਈਸ, 30 ਜ਼ਿੰਦਾ ਰੌਂਦ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ, ਜਿਸ ਤੋਂ ਬਾਅਦ ਮਾਮਲੇ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ।

ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਕਸ਼ੈ ਕੁਮਾਰ ਇਹ ਨਸ਼ਾ ਵਿਸ਼ਾਲ ਅਤੇ ਸੰਜੀਵ ਕੁਮਾਰ ਉਰਫ਼ ਸੰਨੀ ਤੋਂ ਲਿਆਉਂਦਾ ਸੀ ਅਤੇ ਤਿੰਨੇ ਮਿਲ ਕੇ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦੇ ਸਨ। ਪੁਲਿਸ ਨੇ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਸੰਜੀਵ ਕੁਮਾਰ ਉਰਫ਼ ਸੰਨੀ ਦੇ ਜੇਲ੍ਹ ਦੌਰਾਨ ਜਤਿੰਦਰ ਸਿੰਘ ਉਰਫ਼ ਗੋਲਡੀ ਨਾਲ ਸਬੰਧ ਬਣੇ, ਜਿਨ੍ਹਾਂ ਨੇ ਬਾਹਰ ਆ ਕੇ ਨਸ਼ਾ ਤਸਕਰੀ ਦਾ ਜਾਲ ਫੈਲਾਇਆ। ਜਾਂਚ ਅੱਗੇ ਵਧਣ ’ਤੇ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਅਤੇ ਗੁਰਜੰਟ ਸਿੰਘ ਉਰਫ਼ ਜੰਟਾ ਦੇ ਨਾਮ ਸਾਹਮਣੇ ਆਏ। ਪੁਲਿਸ ਮੁਤਾਬਕ ਹਰਬੀਰ ਸੋਹਲ ਆਪਣੀ ਥਾਰ ਗੱਡੀ ਵਿੱਚ ਨਸ਼ੇ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਸੀ, ਜਿੱਥੇ ਤਲਾਸ਼ੀ ਦੌਰਾਨ 5 ਕਿਲੋ 100 ਗ੍ਰਾਮ ਹੈਰੋਇਨ ਅਤੇ 1.50 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ।

Spread the love